ਕਿਸਾਨ ਸੰਘਰਸ਼ ਨਾਲ ਲੰਮੇ ਸਮੇਂ ਤੋਂ ਜੁੜੀ ਕਲਾਕਾਰ ਸੋਨੀਆ ਮਾਨ ਲਖੀਮਪੁਰ ਘਟਨਾ ਵਿੱਚ ਹੁਣ ਤੱਕ ਇਨਸਾਫ ਨਾ ਮਿਲਣ ਕਾਰਨ ਯੂਪੀ ਵਿੱਚ ਭਾਜਪਾ ਖਿਲਾਫ ਚੋਣ ਪ੍ਰਚਾਰ ਕਰਨ ਲਈ ਉਤਰ ਸਕਦੇ ਹਨ। ਇਸ ਵਿਚਕਾਰ ਉਨ੍ਹਾਂ ਦੀਆਂ ਅਖੀਲੇਸ਼ ਯਾਦਵ ਨਾਲ ਤਸਵੀਰਾਂ ਸਾਹਮਣੇ ਆਉਣ ਮਗਰੋਂ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਉਹ ਯੂਪੀ ਵਿੱਚ ਸਮਾਜਵਾਦੀ ਪਾਰਟੀ ਲਈ ਪ੍ਰਚਾਰ ਕਰਦੇ ਨਜ਼ਰ ਆ ਸਕਦੇ ਹਨ। ਹਾਲਾਂਕਿ, ਸਪਾ ਲਈ ਪ੍ਰਚਾਰ ਨੂੰ ਲੈ ਕੇ ਅਜੇ ਸਥਿਤੀ ਸਾਫ ਨਹੀਂ ਹੈ।
ਲਖੀਮਪੁਰ ਘਟਨਾ ਵਿੱਚ ਭਾਜਪਾ ਵੱਲੋਂ ਮੰਤਰੀ ਨੂੰ ਬਰਖਾਸਤ ਨਾ ਕਰਨ ਕਾਰਨ ਕਿਸਾਨਾਂ ਵਿੱਚ ਰੋਸ ਹੈ। ਕਿਸਾਨ ਇਸ ਘਟਨਾ ਦੀ ਜਲਦ ਤੋਂ ਜਲਦ ਜਾਂਚ ਪੂਰੀ ਕਰਨ ਅਤੇ ਇਨਸਾਫ ਦੇਣ ਦੀ ਮੰਗ ਕਰ ਰਹੇ ਹਨ।
ਕਿਹਾ ਜਾ ਰਿਹਾ ਹੈ ਕਿ ਸੋਨੀਆ ਮਾਨ ਭਾਜਪਾ ਖਿਲਾਫ ਪ੍ਰਚਾਰ ਕਰੇਗੀ। ਇਸ ਸਬੰਧੀ ਸੋਨੀਆ ਮਾਨ ਦੀਆਂ ਅਖਿਲੇਸ਼ ਯਾਦਵ ਨਾਲ ਵੀਡਿਓ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਗੌਰਤਲਬ ਹੈ ਕਿ ਪਿੱਛੇ ਜਿਹੇ ਵੀ ਇਹ ਗੱਲ ਉੱਡੀ ਸੀ ਕਿ ਸੋਨੀਆ ਮਾਨ ਰਾਜਨੀਤੀ ਵਿੱਚ ਪੈਰ ਰੱਖਣ ਵਾਲੇ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਨੂੰ ਲੈ ਕੇ ਮਨ੍ਹਾ ਕਰ ਦਿੱਤਾ ਸੀ। ਸੂਤਰਾਂ ਮੁਤਾਬਕ, ਯੂ. ਪੀ. ਦੀ ਪੰਜਾਬੀ ਬੈਲਟ ਵਿੱਚ ਉਨ੍ਹਾਂ ਨੂੰ ਭਾਜਪਾ ਖਿਲਾਫ ਚੋਣ ਪ੍ਰਚਾਰ ਲਈ ਲਾਇਆ ਜਾ ਸਕਦਾ ਹੈ। ਹਾਲਾਂਕਿ, ਇਸ ਨੂੰ ਲੈ ਕੇ ਸਥਿਤੀ ਸਪੱਸ਼ਟ ਹੋਣਾ ਬਾਕੀ ਹੈ।