ਤਾਮਿਲਨਾਡੂ ਦੇ ਕੁਨੂਰ ਨੇੜੇ ਹੋਏ ਹੈਲੀਕਾਪਟਰ ਹਾਦਸੇ ਵਿਚ ਸ਼ਹੀਦ ਹੋਏ CDS ਬਿਪਿਨ ਰਾਵਤ ਦਾ ਅੰਤਿਮ ਸਸਕਾਰ ਅੱਜ ਦਿੱਲੀ ਕੈਂਟ ਦੇ ਬਰਾਰ ਸਕਵਾਇਰ ਸ਼ਮਸ਼ਾਨ ਘਾਟ ਵਿਚ ਹੋਵੇਗਾ। ਇਥੇ ਸਵੇਰੇ 11 ਵਜੇ ਤੋਂ ਆਮ ਲੋਕ ਅੰਤਿਮ ਦਰਸ਼ਨ ਕਰ ਸਕਣਗੇ। ਇਸ ਤੋਂ ਬਾਅਦ ਦੁਪਹਿਰ 2 ਵਜੇ ਅੰਤਿਮ ਯਾਤਰਾ ਨਿਕਲੇਗੀ। ਬਿਪਿਨ ਰਾਵਤ ਦੇ ਅੰਤਿਮ ਸਸਕਾਰ ਵਿਚ ਹਿੱਸਾ ਲੈਣ ਲਈ ਸ਼੍ਰੀਲੰਕਾ, ਨੇਪਾਲ ਤੇ ਭੂਟਾਨ ਵਰਗੇ ਭਾਰਤ ਦੇ ਗੁਆਂਢੀ ਦੇਸ਼ਾਂ ਤੋਂ ਵੀ ਫੌਜੀ ਹਸਤੀਆਂ ਦਿੱਲੀ ਆਉਣਗੀਆਂ।
ਸੀਡੀਐੱਸ ਬਿਪਿਨ ਰਾਵਤ ਦੇ ਅੰਤਿਮ ਸਸਾਕਰ ਵਿਚ ਸ਼੍ਰੀਲੰਕਾ ਦੇ ਸੀਡੀਐੱਸ ਅਤੇ ਸੈਨਾ ਕਮਾਂਡਰ ਜਨਰਲ ਸ਼ਾਵੇਂਦਰ ਸਿਲਵਾ ਸ਼ਾਮਲ ਹੋਣਗੇ। ਨਾਲ ਹੀ ਸਾਬਕਾ ਐਡਮਿਰਲ ਵਿਜੇਗੁਣਰਤਨੇ ਵੀ ਦਿੱਲੀ ਆਉਣਗੇ। ਇਸ ਤੋਂ ਇਲਾਵਾ ਅੰਤਿਮ ਸਸਕਾਰ ਵਿਚ ਨੇਪਾਲੀ ਫੌਜ ਉਪ ਸੈਨਾ ਮੁਖੀ ਦੀ ਨੁਮਾਇੰਦਗੀ ਲੈਫਟੀਨੈਂਟ ਜਨਰਲ ਬਾਲ ਕ੍ਰਿਸ਼ਨ ਕਾਰਕੀ ਕਰਨਗੇ। ਇਸ ਦੇ ਨਾਲ ਹੀ ਬ੍ਰਿਗੇਡੀਅਰ ਦੋਰਜੀ ਰਿੰਚੇਨ ਰਾਇਲ ਭੂਟਾਨ ਆਰਮੀ ਦੀ ਪ੍ਰਤੀਨਿਧਤਾ ਕਰਨਗੇ। ਕੱਲ੍ਹ ਭੂਟਾਨ ਦੇ ਸ਼ਾਹੀ ਪਰਿਵਾਰ ਨੇ ਸੀਡੀਐਸ ਜਨਰਲ ਬਿਪਿਨ ਰਾਵਤ ਨੂੰ ਸ਼ਰਧਾਂਜਲੀ ਦਿੱਤੀ।
ਇਸ ਤੋਂ ਪਹਿਲਾਂ ਕੱਲ੍ਹ ਦਿੱਲੀ ਦੇ ਪਾਲਮ ਏਅਰਪੋਰਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਰਲ ਬਿਪਿਨ ਰਾਵਤ ਸਣੇ ਸਾਰੇ 13 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਐੱਨ. ਐੱਸ. ਏ. ਅਜੀਤ ਡੋਭਾਲ ਤੇ ਤਿੰਨੋਂ ਸੈਨਾ ਮੁਖੀ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਜਨਰਲ ਬਿਪਿਨ ਰਾਵਤ ਦਾ ਅੰਤਿਮ ਦਰਸ਼ਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਗੌਰਤਲਬ ਹੈ ਕਿ ਸੀਡੀਐਸ ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲਐਸ ਲਿਡਰ ਅਤੇ ਵਿਵੇਕ ਕੁਮਾਰ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਕਰ ਲਈ ਗਈ ਹੈ। ਇਸ ਦੇ ਨਾਲ ਹੀ 9 ਸ਼ਹੀਦਾਂ ਦੀ ਪਛਾਣ ਹੋਣੀ ਬਾਕੀ ਹੈ। ਮੌਕੇ ਤੋਂ ਬਲੈਕ ਬਾਕਸ ਮਿਲਿਆ ਹੈ। ਜਿਸ ਤੋਂ ਬਾਅਦ ਹੁਣ ਹਾਦਸੇ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ। ਬਲੈਕ ਬਾਕਸ ਜਹਾਜ਼ ਦੀ ਹਰਕਤ ਨੂੰ ਰਿਕਾਰਡ ਕਰਦਾ ਹੈ। ਇਸ ਤੋਂ ਪਹਿਲਾਂ ਕੱਲ੍ਹ ਰਾਜਨਾਥ ਸਿੰਘ ਨੇ ਸੰਸਦ ਵਿਚ ਦੱਸਿਆ ਸੀ ਕਿ 8 ਦਸੰਬਰ ਨੂੰ ਸਵੇਰੇ 11:48 ਵਜੇ ਇੱਕ ਐਮਆਈ-17ਵੀ-5 ਹੈਲੀਕਾਪਟਰ ਨੇ ਸੁਲੂਰ ਤੋਂ ਵੇਲਿੰਗਟਨ ਲਈ ਉਡਾਣ ਭਰੀ ਸੀ, ਪਰ ਨੀਲਗਿਰੀ ਪਹਾੜੀਆਂ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ‘ਚ ਸਵਾਰ 14 ਲੋਕਾਂ ‘ਚੋਂ 13 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੀ ਜਾਂਚ ਜਾਰੀ ਹੈ।