Sensational incident in Piproli : ਹਰਿਆਣਾ ਦੇ ਪਿੰਡ ਪਿਪਰੌਲੀ ਵਿੱਚ ਬੀਤੇ ਦਿਨ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿਥੇ ਚਾਰ ਭੈਣਾਂ ਦੀਆਂ ਭੇਦ ਘਰ ਵਿੱਚ ਪਈਆਂ ਮਿਲੀਆਂ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਭੈਣਾਂ ਦੀ ਉਮਰ ਇੱਕ ਤੋਂ ਸੱਤ ਸਾਲ ਦੀ ਹੈ। ਬੱਚੀਆਂ ਦੇ ਗਲੇ ਵੱਢੇ ਹੋਏ ਸਨ। ਮ੍ਰਿਤਕ ਬੱਚੀਆਂ ਦੇ ਪਿਤਾ ਨੇ ਇਸ ਵਾਰਦਾਤ ਦਾ ਦੋਸ਼ੀ ਉਨ੍ਹਾਂ ਦੀ ਮਾਂ ਨੂੰ ਠਹਿਰਾਇਆ ਹੈ। ਹਾਲਾਂਕਿ ਅਸਲ ਵਿੱਚ ਕੀ ਹੋਇਆ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਮੰਨਿਆ ਜਾ ਰਿਹਾ ਹੈ ਕਿ ਔਰਤ ਨੇ ਬੱਚੀਆਂ ਦੇ ਕਤਲ ਤੋਂ ਬਾਅਦ ਖੁਦ ਵੀ ਮਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਬੱਚੀਆਂ ਦੀ ਮਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਪੁਨਹਾਣਾ ਥਾਣੇ ਦੇ ਐਸਐਸਐਚਓ ਸਮਰਜੀਤ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਨੂਹ ਦੇ ਪਿੰਡ ਪਿਪਰੌਲੀ ਵਿੱਚ ਵਾਪਰੀ ਹੈ। ਮ੍ਰਿਤਕ ਬੱਚੀਆਂ ਦੇ ਪਿਤਾ ਖੁਰਸ਼ੀਦ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਦੀ ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਬੱਚੀਆਂ ਦੀ ਮਾਂ ਫਰਮੀਨਾ ਜ਼ਖਮੀ ਹਾਲਤ ਵਿੱਚ ਮਿਲੀ ਸੀ। ਉਹ ਗੰਭੀਰ ਰੂਪ ਵਿੱਚ ਜ਼ਖਮੀ ਸੀ। ਇਸ ਸਮੇਂ ਉਹ ਹਸਪਤਾਲ ਵਿੱਚ ਆਈਸੀਯੂ ਵਿੱਚ ਦਾਖਲ ਹੈ।
ਐਸਪੀ ਨਰਿੰਦਰ ਬਿਜਾਰਨੀਆ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਗੁਆਂਢੀਆਂ ਅਤੇ ਮ੍ਰਿਤਕ ਬੱਚੀਆਂ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫੌਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚ ਚੁੱਕੀ ਹੈ। ਬੱਚੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਐਸਐਚਓ ਨੇ ਦੱਸਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਬੱਚੀਆਂ ਦੀ ਮਾਂ ਨੇ ਹੀ ਉਨ੍ਹਾਂ ਦਾ ਕਥਿਤ ਕਤਲ ਕੀਤਾ ਹੈ ਅਤੇ ਇਸ ਤੋਂ ਬਾਅਦ ਉਸ ਨੇ ਆਪਣਾ ਵੀ ਗਲਾ ਵੱਢਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।