ਮੂਸੇਵਾਲਾ ਦੇ ਕਾਤਲ ਸ਼ਾਰਪਸ਼ੂਟਰ ਅੰਕਿਤ ਸੇਰਸਾ ਨੇ ਪੁਲਿਸ ਪੁੱਛਗਿਛ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। 19 ਸਾਲ ਦੇ ਸ਼ਾਰਪ ਸ਼ੂਟਰ ਸੇਰਸਾ ਨੇ ਕਿਹਾ ਕਿ ਗੋਲਡੀ ਬਰਾੜ ਧੋਖੇਬਾਜ਼ ਹੈ। ਉਸ ਨੇ ਕਤਲ ਤੋਂ ਪਹਿਲਾਂ ਮੂੰਹ ਮੰਗੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ।
ਉਸ ਨੇ ਇਹ ਵੀ ਕਿਹਾ ਸੀ ਕਿ ਹਰਿਆਣਾ ਵਿਚ ਉਸ ਦਾ ਨਾਂ ਚਮਕਾ ਦੇਵੇਗਾ। ਮੂਸੇਵਾਲਾ ਦੇ ਕਤਲ ਦੇ ਬਾਅਦ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਹਾਲਾਂਕਿ ਸੇਰਸਾ ਦਾ ਇਹ ਦਾਅਵਾ ਸੱਚ ਹੈ ਜਾਂ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਹੈ, ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਅੰਕਿਤ ਸੇਰਸਾ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ। ਉਸ ਨੇ 6 ਮਹੀਨੇ ਪਹਿਲਾਂ ਹੀ ਲਾਰੈਂਸ ਗੈਂਗ ਜੁਆਇਨ ਕੀਤੀ ਸੀ। ਰਾਜਸਥਾਨ ਵਿਚ 2 ਵਾਰਦਾਤਾਂ ਕਰਨ ਦੇ ਬਾਅਦ ਉਹ ਮੋਨੂੰ ਡਾਗਰ ਜ਼ਰੀਏ ਗੋਲਡੀ ਦੇ ਸੰਪਰਕ ਵਿਚ ਆਇਆ। ਕਤਲ ਵਾਲੇ ਦਿਨ ਸੇਰਸਾ ਦੇ ਦੋਵੇਂ ਹੱਥਾਂ ਵਿਚ ਪਿਸਤੌਲ ਸੀ। ਉੁਸ ਨੇ ਹੀ ਸਭ ਤੋਂ ਨੇੜੇ ਜਾ ਕੇ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸੀ। ਸੇਰਸਾ ਦੀ ਲਾਈਫ ਦਾ ਇਹ ਪਹਿਲਾ ਕਤਲ ਸੀ ਜਿਸ ਨੂੰ ਉਸ ਨੇ ਵਹਿਸ਼ਿਆਣਾ ਤਰੀਕੇ ਨਾਲ ਅੰਜਾਮ ਦਿੱਤਾ।
ਇਸ ਤੋਂ ਪਹਿਲਾਂ ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ ਤੇ ਕਸ਼ਿਸ਼ ਤੋਂ ਪੁੱਛਗਿਛ ਵਿਚ ਖੁਲਾਸਾ ਹੋਇਆ ਸੀ ਕਿ ਮੂਸੇਵਾਲਾ ਦੇ ਕਤਲ ਦਾ ਸੌਦਾ 1 ਕਰੋੜ ਵਿਚ ਹੋਇਆ ਸੀ। ਸ਼ਾਰਪ ਸ਼ੂਟਰਸ ਨੂੰ ਖੁਸ਼ ਕਰਨ ਤੇ ਯਕੀਨ ਦਿਵਾਉਣ ਲਈ ਕਤਲ ਤੋਂ ਪਹਿਲਾਂ ਗੋਲਡੀ ਨੇ ਹਥਿਆਰ ਤੇ 10 ਲੱਖ ਭਿਜਵਾ ਦਿੱਤੇ। ਕਤਲ ਦੇ ਦਿਨ ਇਹ ਰਕਮ ਉਨ੍ਹਾਂ ਨਾਲ ਗੱਡੀ ਵਿਚ ਸੀ। ਹਰ ਸ਼ੂਟਰ ਨੂੰ 5-5 ਲੱਖ ਰੁਪਏ ਮਿਲਣ ਸੀ। ਬਾਕੀ ਪੈਸੇ ਮੂਸੇਵਾਲਾ ਦੀ ਰੇਕੀ ਤੇ ਸ਼ਾਰਪ ਸ਼ੂਟਰਾਂ ਨੂੰ ਭਜਾਉਣ ਤੇ ਲੁਕਾਉਣ ਵਿਚ ਮਦਦ ਕਰਨ ਵਾਲਿਆਂ ਨੂੰ ਦਿੱਤੇ ਜਾਣੇ ਸੀ।
ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਹਾਲ ਹੀ ਵਿੱਚ ਮਾਸਕ ਪਾ ਕੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਉਸ ਨੇ ਕਿਹਾ ਕਿ ਮੂਸੇਵਾਲਾ ਨੂੰ ਮਾਰਨ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ। ਉਸਦਾ ਗੈਂਗ ਕਿਸੇ ਨੂੰ ਫਿਰੌਤੀ ਨਹੀਂ ਦਿੰਦਾ। ਜੋ ਉਨ੍ਹਾਂ ਦੇ ਇਸ਼ਾਰੇ ‘ਤੇ ਕੰਮ ਕਰਦੇ ਹਨ, ਉਨ੍ਹਾਂ ਦੀਆਂ ਲੋੜਾਂ ਜ਼ਰੂਰ ਪੂਰੀਆਂ ਕਰਦੇ ਹਨ।
ਕੈਨੇਡਾ ਬੈਠਾ ਲਾਰੈਂਸ ਗੈਂਗ ਦਾ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਟਰੱਕ ਚਲਾਉਂਦਾ ਰਿਹਾ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਜਿਸ ਤੋਂ ਬਾਅਦ ਉਸ ਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ‘ਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਗੋਲਡੀ ਬਰਾੜ ਸਮਝ ਕੇ 2 ਲੋਕਾਂ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਅਸਲੀ ਗੋਲਡੀ ਬਰਾੜ ਅੰਡਰ ਗਰਾਊਂਡ ਹੋ ਗਿਆ ਹੈ। ਉਸ ਨੇ ਆਪਣੇ ਸਾਰੇ ਪੁਰਾਣੇ ਨੰਬਰ ਬੰਦ ਕਰ ਦਿੱਤੇ ਹਨ। ਜਿਸ ਦੇ ਰਾਹੀਂ ਉਸ ਤੱਕ ਪਹੁੰਚਿਆ ਜਾ ਸਕਦਾ ਹੈ, ਉਸ ਨੇ ਸਾਰੇ ਨਜ਼ਦੀਕੀਆਂ ਤੋਂ ਦੂਰੀ ਬਣਾ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: