ਦੱਖਣੀ ਅਫਰੀਕਾ ਦੇ ਪੂਰਬੀ ਕੇਪ ਸੂਬੇ ‘ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ, ਇਸ ਘਟਨਾ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਜ਼ਖਮੀ ਹਨ। ਪੁਲਿਸ ਮੁਤਾਬਕ ਇਹ ਘਟਨਾ ਐਤਵਾਰ ਸ਼ਾਮ 5.15 ਤੋਂ 5.30 ਦੇ ਵਿਚਕਾਰ ਵਾਪਰੀ। ਦੋ ਹਮਲਾਵਰ ਇੱਕ ਘਰ ਵਿੱਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।
ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਕਵਾਜਾਖੇਲੇ ਦੇ ਉਪਨਗਰ ਵਿੱਚ ਐਤਵਾਰ ਰਾਤ ਨੂੰ ਦੋ ਬੰਦੂਕਧਾਰੀ ਇੱਕ ਘਰ ਵਿੱਚ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਸਮੂਹਿਕ ਗੋਲੀਬਾਰੀ ‘ਚ ਸ਼ੁਰੂਆਤੀ ਤੌਰ ‘ਤੇ ਸੱਤ ਲੋਕ ਮਾਰੇ ਗਏ ਸਨ ਅਤੇ ਚਾਰ ਹੋਰ ਜ਼ਖਮੀ ਹੋ ਗਏ ਸਨ। ਜ਼ਖ਼ਮੀਆਂ ਵਿੱਚੋਂ ਇੱਕ ਵਿਅਕਤੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਘਰ ਦਾ ਮਾਲਕ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਮੈਲਬੌਰਨ ‘ਚ ਭਾਰਤੀਆਂ ਤੇ ਸਿੱਖਸ ਫਾਰ ਜਸਟਿਸ ਸੰਗਠਨ ਦੇ ਮੈਂਬਰਾਂ ‘ਚ ਝੜਪ, 6 ਲੋਕ ਜ਼ਖਮੀ
ਜਾਣਕਾਰੀ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ ਵਿਅਕਤੀ ਆਪਣਾ ਜਨਮ ਦਿਨ ਮਨਾ ਰਿਹਾ ਸੀ। ਹਮਲਾਵਰਾਂ ਨੇ ਘਰ ‘ਚ ਦਾਖਲ ਹੋ ਕੇ ਮਹਿਮਾਨਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਬੁਲਾਰੇ ਪ੍ਰਿਸਿਲਾ ਨਾਇਡੂ ਨੇ ਕਿਹਾ ਕਿ ਇਸ ਹਮਲੇ ਦੇ ਆਸ-ਪਾਸ ਉਸ ਸਮੇਂ ਹੋਈਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਭਿਆਨਕ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: