ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪੇਸ਼ਾਵਰ ‘ਚ ਹੀ ਦੋ ਦਿਨਾਂ ‘ਚ ਸਿੱਖਾਂ ‘ਤੇ ਹਮਲੇ ਦੀ ਦੂਜੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ ਸਿੱਖ ਦੀ ਜਾਨ ਚਲੀ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਕੱਟੜਪੰਥੀ ਇਸਲਾਮਿਕ ਸਟੇਟ ਖੁਰਾਸਾਨ ਸੂਬੇ (ISKP) ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।
ਮ੍ਰਿਤਕ ਦੀ ਪਛਾਣ ਪੇਸ਼ਾਵਰ ਵਾਸੀ ਮਨਮੋਹਨ ਸਿੰਘ (34) ਵਜੋਂ ਹੋਈ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਯਾਕੂਤ ਇਲਾਕੇ ‘ਚ ਵਾਪਰੀ, ਜਿਥੇ ਬਾਈਕ ‘ਤੇ ਆਏ ਅਣਪਛਾਤੇ ਵਿਅਕਤੀਆਂ ਨੇ ਮਨਮੋਹਨ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੇਸ਼ਾਵਰ ਦੇ ਰਸ਼ੀਦ ਗੜ੍ਹੀ ਇਲਾਕੇ ‘ਚ ਸਿੱਖ ਦੁਕਾਨਦਾਰ ਤਰਲੋਕ ਸਿੰਘ ‘ਤੇ ਵੀ ਇਸੇ ਤਰ੍ਹਾਂ ਗੋਲੀਬਾਰੀ ਕੀਤੀ ਗਈ ਸੀ। ਇਸੇ ਤਰ੍ਹਾਂ ਹਮਲਾਵਰ ਮੋਟਰਸਾਈਕਲ ’ਤੇ ਆਏ ਅਤੇ ਦੁਕਾਨ ’ਤੇ ਬੈਠੇ ਤਰਲੋਕ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ। ਤਰਲੋਕ ਸਿੰਘ ਦੀ ਲੱਤ ‘ਤੇ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਤਰਲੋਕ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ : ਮਾਨਸੂਨ ਨੇ ਹਰਿਆਣਾ ‘ਚ ਦਿੱਤੀ ਦਸਤਕ, ਅਗਲੇ ਦੋ ਦਿਨ ‘ਚ ਪੰਜਾਬ-ਚੰਡੀਗੜ੍ਹ ਨੂੰ ਕਰੇਗਾ ਕਵਰ
ISKP ਨੇ ਤਰਲੋਕ ਸਿੰਘ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਇਹ ਵੀ ਦੱਸਿਆ ਕਿ ਤਰਲੋਕ ‘ਤੇ ਪਿਸਤੌਲ ਤੋਂ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਪਰ ਪਿਛਲੇ ਸਮੇਂ ਵਿੱਚ ਘੱਟ ਗਿਣਤੀਆਂ ਦੀਆਂ ਧਾਰਮਿਕ ਸੰਸਥਾਵਾਂ ’ਤੇ ਹੋਏ ਹਮਲਿਆਂ ਤੋਂ ਬਾਅਦ ਹੁਣ ਕੱਟੜਪੰਥੀ ਸੋਚ ਰੱਖਣ ਵਾਲੇ ਇਸਲਾਮੀ ਸੰਗਠਨ ਟਾਰਗੇਟ ਕਿਲਿੰਗ ’ਤੇ ਉਤਰ ਆਏ ਹਨ।
ਵੀਡੀਓ ਲਈ ਕਲਿੱਕ ਕਰੋ -: