ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਅੱਠ ਮਹੀਨਿਆਂ ਤੋਂ ਦਿੱਲੀ ਸਰਹੱਦਾਂ ‘ਤੇ ਸਰਦੀ-ਗਰਮੀ ਸਹਿੰਦੇ ਹੋਏ ਡਟੇ ਹੋਏ ਹਨ ਪਰ ਮੋਦੀ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕ ਰਹੀ। ਸਰਕਾਰ ਦੇ ਇਸ ਅੜੀਅਲ ਰਵੱਈਏ ‘ਤੇ ਮਾਕਸਵਾਦੀ ਕਮਿਊਨਿਸਟ ਪਾਰਟੀ (CPM) ਨੇਤਾ ਸੀਤਾਰਾਮ ਯੇਚੁਰੀ ਨੇ ਸਵਾਲ ਚੁੱਕੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਖੇਤੀ ਕਾਨੂੰਨ ਕਿਉਂ ਨਹੀਂ ਵਾਪਿਸ ਲੈ ਰਹੀ ਹੈ। ਭਾਜਪਾ ਆਗੂ ਵੱਲੋਂ ਕਿਸਾਨਾਂ ਨੂੰ ਕਾਮਰੇਡ ਬਣ ਕੇ ਬੈਠਣ ‘ਤੇ ਯੇਚੁਰੀ ਨੇ ਕਿਹਾ ਕਿ ਸਵਾਲ ਇਹ ਨਹੀਂ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਉਥੇ ਕਿਉਂ ਬੈਠੇ ਹਨ ਪਰ 8 ਮਹੀਨੇ ਦੇ ਬਾਵਜੂਦ ਸਰਕਾਰ ਦਾ ਰੁਝਾਨ ਉਲਟ ਹੈ।
ਯੇਚੁਰੀ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਸਰਕਾਰ ਸੱਚਾਈ ਸੁਣਨਾ ਹੀ ਨਹੀਂ ਚਾਹੁੰਦੀ ਅਤੇ ਅੱਜ ਵੀ ਮੋਦੀ ਯੂਪੀ ਨੂੰ ਲੈ ਕੇ ਗਲਤ ਪ੍ਰਚਾਰ ਕਰ ਰਹੇ ਹਨ। ਕੋਵਿਡ ਦੌਰਾਨ ਕੁੰਭ ਹੋਇਆ ਅਤੇ ਪੀਐਮ ਚੋਣ ਪ੍ਰਚਾਰ ਵਿੱਚ ਬਿਜ਼ੀ ਹਨ, ਉਥੇ ਅੰਨਦਾਤਾ ਲਈ ਸਮਾਂ ਨਹੀਂ ਹੈ। 8 ਲੱਖ ਵਪਾਰੀਆਂ ਦਾ ਕਰਜ਼ਾ ਮਾਫ ਕੀਤਾ ਜਾਂਦਾ ਹੈ ਪਰ ਕਿਸਾਨਾਂ ਦਾ ਨਹੀਂ। ਜਦੋਂ ਇਸ ਬਾਰੇ ਸਰਕਾਰ ਤੋਂ ਸਵਾਲ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਕੋਲ ਕੋਈ ਜਵਾਬ ਤਾਂ ਹੈ ਨਹੀਂ ਤਾਂ ਕਹਿ ਦਿੱਤਾ ਕਿ ਸਰਕਾਰ ਕੋਲ ਪੈਸਾ ਨਹੀਂ ਹੈ।
ਕਿਸਾਨ ਸ਼ਾਂਤੀਪੂਰਵਕ ਢੰਗ ਨਾਲ ਬੈਠੇ ਹੋਏ ਹਨ। ਅਜਿਹਾ ਸ਼ਾਂਤੀਪੂਰਨ ਅਦੰਲੋਨ ਅੱਜ ਤੱਕ ਨਹੀਂ ਹੋਇਆ ਪਰ ਉਸ ‘ਤੇ ਕੇਂਦਰ ਸਰਕਾਰ ਵੱਲੋਂ ਕੁਝ ਨਹੀਂ ਬੋਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸੰਸਦ ਵਧੀਆ ਹੈ, ਉਹ ਕਾਨੂੰਨ ਰੱਦ ਕਰ ਰਹੇ ਹਨ ਪਰ ਸਾਡੀ ਸੰਸਦ ਅਜਿਹਾ ਨਹੀਂ ਕਰੇਗੀ।
ਇਹ ਵੀ ਪੜ੍ਹੋ : ਪਟਿਆਲਾ ‘ਚ ਛੇਵੇਂ ਪੇਅ-ਕਮਿਸ਼ਨ ਦੀਆਂ ਸਿਫਾਰਿਸ਼ਾਂ ਖਿਲਾਫ ਹੱਲਾਬੋਲ ਮਹਾਰੈਲੀ, ਮੋਤੀ ਮਹਿਲ ਘੇਰਨ ਜਾ ਰਹੇ ਹਜ਼ਾਰਾਂ ਮੁਲਾਜ਼ਮ
ਪੇਗਾਸਸ ਸਾਫਟਵੇਅਰ ਨੂੰ ਲੈਕੇ ਯੇਚੁਰੀ ਨੇ ਮੋਦੀ ਸਰਕਾਰ ‘ਤੇ ਦੋਸ਼ ਲਾਇਆ ਕਿ ਸਵਾਲ ਇਹ ਹੈ ਕਿ ਫਰਾਂਸ, ਮੈਕਸਿਕੋ ਤੇ ਹੋਰ ਜਾਂਚ ਕਰ ਰਹੇ ਹਨ ਪਰ ਮੋਦੀ ਜਵਾ ਨਹੀਂ ਦੇ ਰਹੇ ਕਿ ਇਜ਼ਰਾਇਲ ਦੀ INSO ਸੰਸਥਾ ਦੇ ਨਾਲ ਕੋਈ ਡੀਲ ਹੋਈ ਜਾਂ ਨਹੀਂ। ਜਿਸ ਸਾਲ ਮੋਦੀ ਇਜ਼ਰਾਇਲ ਗਏ ਉਸ ਸਾਲ ਨੈਸ਼ਨਲ ਸਕਿਓਰਿਟੀ ਦਾ ਬਜਟ 300 ਕਰੋੜ ਵਧ ਗਿਆ ਭਲਾ ਕਿਉਂ।
ਉਥੇ ਹੀ ਪੰਜਾਬ ਵਿੱਚ ਗਠਜੋੜ ਨੂੰ ਲੈ ਕੇ ਯੇਚੁਰੀ ਨੇ ਅਜੇ ਕੁਝ ਸਪੱਸ਼ਟ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਦੇ ਵੇਲੇ ਦੇਖਣਗੇ ਕਿ ਗਠਜੋੜ ਕਰਨਾ ਹੈ ਜਾਂ ਨਹੀਂ।