ਭਾਰਤ ਵੱਲੋਂ ਭੂਚਾਲ ਤੋਂ ਪ੍ਰਭਾਵਿਤ ਤੁਰਕੀ ਨੂੰ ਲਗਾਰਾਤ ਮਦਦ ਭੇਜੀ ਜਾ ਰਹੀ ਹੈ। ਇਸ ਲਈ ਭਾਰਤ ਨੇ ‘ਆਪ੍ਰੇਸ਼ਨ ਦੋਸਤ’ ਦੀ ਸ਼ੁਰੂਆਤ ਕੀਤੀ ਹੈ। ਵੀਰਵਾਰ ਨੂੰ ਭਾਰਤ ਨੇ ਰਾਹਤ ਸਮੱਗਰੀ ਨਾਲ ਭਰੀ ਛੇਵੀਂ ‘ਆਪ੍ਰੇਸ਼ਨ ਦੋਸਤ’ ਫਲਾਈਟ ਤੁਰਕੀ ਭੇਜੀ ਹੈ। ਇਸ ਦੀ ਜਾਣਕਾਰੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੀ ਹੈ। ਉਨ੍ਹਾਂ ਵੀਰਵਾਰ ਨੂੰ ਕਿਹਾ ਕਿ ਭਾਰਤ ਦਾ ਛੇਵਾਂ ਜਹਾਜ਼ ਭੂਚਾਲ ਰਾਹਤ ਯਤਨਾਂ ਲਈ ਬਚਾਅ ਕਰਮਚਾਰੀਆਂ, ਜ਼ਰੂਰੀ ਸਮਾਨ ਅਤੇ ਮੈਡੀਕਲ ਉਪਕਰਣਾਂ ਨੂੰ ਲੈ ਕੇ ਤੁਰਕੀ ਪਹੁੰਚ ਗਿਆ ਹੈ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵਿੱਟਰ ‘ਤੇ ਲਿਖਿਆ, “ਤੁਰਕੀ ਦੇ ਹਤਾਏ ਵਿੱਚ ਇਹ ਫੀਲਡ ਹਸਪਤਾਲ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦਾ ਇਲਾਜ ਕਰੇਗਾ। ਮੈਡੀਕਲ ਅਤੇ ਗੰਭੀਰ ਦੇਖਭਾਲ ਦੇ ਮਾਹਿਰਾਂ ਅਤੇ ਉਪਕਰਨਾਂ ਦੀਆਂ ਸਾਡੀਆਂ ਟੀਮਾਂ ਐਮਰਜੈਂਸੀ ਦੇ ਇਲਾਜ ਲਈ ਤਿਆਰੀ ਕਰ ਰਹੀਆਂ ਹਨ।” ਦੱਸ ਦੇਈਏ ਕਿ ਭੂਚਾਲ ਪ੍ਰਭਾਵਿਤ ਦੇਸ਼ ਲਈ ਛੇਵੀਂ ਉਡਾਣ ਵਿੱਚ ਬਚਾਅ ਦਲ, ਕੁੱਤਿਆਂ ਦੇ ਦਸਤੇ ਅਤੇ ਜ਼ਰੂਰੀ ਦਵਾਈਆਂ ਮੌਜੂਦ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਨਜਾਇਜ਼ ਹਥਿਆਰਾਂ ਸਣੇ 2 ਗ੍ਰਿਫਤਾਰ
ਇਸ ਸਬੰਧੀ ਕੇਂਦਰੀ ਵਿਦੇਸ਼ ਰਾਜ ਮੰਤਰੀ ਮੁਰਲੀਧਰਨ ਨੇ ਕਿਹਾ ਹੈ ਕਿ ਭਾਰਤ ਤੁਰਕੀ ਦੇ ਭੂਚਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਤਿਆਰ ਹੈ। ਮੁਰਲੀਧਰਨ ਨੇ ਕਿਹਾ ਕਿ ਤੁਰਕੀ ਵਿੱਚ ਚਾਰ ਟੀਮਾਂ ਜ਼ਮੀਨ ‘ਤੇ ਕੰਮ ਕਰ ਰਹੀਆਂ ਹਨ, ਜਿਸ ਵਿੱਚ ਦੋ ਬਚਾਅ ਟੀਮਾਂ, ਕੁੱਤਿਆਂ ਦੇ ਦਸਤੇ ਅਤੇ ਦੋ ਮੈਡੀਕਲ ਟੀਮਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਹੀ ਤੁਰਕੀ ਵਿੱਚ ਇੱਕ ਫੀਲਡ ਹਸਪਤਾਲ ਖੋਲ੍ਹ ਚੁੱਕਾ ਹੈ। ਦੱਸਿਆ ਜਾ ਰਿਹਾ ਹੈ, 6 ਫਰਵਰੀ ਨੂੰ ਆਏ ਭਿਆਨਕ ਭੂਚਾਲ ਤੋਂ ਬਾਅਦ ਤੁਰਕੀ ਅਤੇ ਗੁਆਂਢੀ ਦੇਸ਼ ਸੀਰੀਆ ਵਿਚ ਮਰਨ ਵਾਲਿਆਂ ਦੀ ਗਿਣਤੀ 15,000 ਨੂੰ ਪਾਰ ਕਰ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: