ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ ਲਈ ਸੀਬੀਆਈ ਦੀ ਦੋ ਮੈਂਬਰੀ ਟੀਮ ਸ਼ੁੱਕਰਵਾਰ ਨੂੰ ਫਤਿਹਾਬਾਦ ਪਹੁੰਚੀ। ਟੀਮ ਵਿੱਚ ਸ਼ਾਮਲ ਡੀਐਸਪੀ ਰਾਜੇਸ਼ ਕੁਮਾਰ ਅਤੇ ਇੰਸਪੈਕਟਰ ਰਿਸ਼ੀਰਾਜ ਸੋਨਾਲੀ ਦੇ ਜੱਦੀ ਪਿੰਡ ਭੁਥਨਕਲਾਂ ਪੁੱਜੇ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਜਦੋਂ ਸੀਬੀਆਈ ਅਧਿਕਾਰੀ ਪਿੰਡ ਪੁੱਜੇ ਤਾਂ ਉਸ ਸਮੇਂ ਘਰ ਵਿੱਚ ਸਿਰਫ਼ ਸੋਨਾਲੀ ਦੇ ਪਿਤਾ ਹੀ ਸਨ। ਟੀਮ ਨੇ ਇਸ ਮਾਮਲੇ ਵਿੱਚ ਦਰਜ ਨਵੀਂ ਐਫਆਈਆਰ ਦੀ ਕਾਪੀ ਸੋਨਾਲੀ ਦੇ ਪਿਤਾ ਨੂੰ ਦਿੱਤੀ।
ਸੀਬੀਆਈ ਦੀ ਟੀਮ ਨੇ ਸੋਨਾਲੀ ਦੇ ਭਰਾ ਰਿੰਕੂ ਢਾਕਾ ਤੋਂ ਵੀ ਮਾਮਲੇ ਨਾਲ ਜੁੜੀ ਜਾਣਕਾਰੀ ਲਈ। ਜਾਂਦੇ ਸਮੇਂ ਸੀਬੀਆਈ ਅਧਿਕਾਰੀ ਸੋਨਾਲੀ ਦੇ ਪਰਿਵਾਰ ਵਾਲਿਆਂ ਨੂੰ ਆਪਣਾ ਨੰਬਰ ਦੇ ਕੇ ਚਲੇ ਗਏ। ਟੀਮ ਨੇ ਜਲਦੀ ਹੀ ਮੁੜ ਹਰਿਆਣਾ ਆਉਣ ਦੀ ਗੱਲ ਵੀ ਕਹੀ।
ਦੱਸ ਦੇਈਏ ਕਿ ਸੋਨਾਲੀ ਫੋਗਾਟ ਦਾ ਪਰਿਵਾਰ ਪਹਿਲੇ ਦਿਨ ਤੋਂ ਹੀ ਮਾਮਲੇ ਨੂੰ ਸੀਬੀਆਈ ਨੂੰ ਸੌਂਪਣ ਦੀ ਮੰਗ ਕਰ ਰਿਹਾ ਹੈ। ਸੋਨਾਲੀ ਦੀ ਬੇਟੀ ਯਸ਼ੋਧਰਾ, ਭਰਾ, ਭੈਣ ਅਤੇ ਜੀਜਾ ਨੇ ਇਸ ਸਬੰਧੀ ਹਰਿਆਣਾ ਦੇ ਸੀਐਮ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ। ਪਰਿਵਾਰ ਦੀ ਲਿਖਤੀ ਮੰਗ ‘ਤੇ ਹਰਿਆਣਾ ਸਰਕਾਰ ਨੇ ਗੋਆ ਸਰਕਾਰ ਨੂੰ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਬੇਨਤੀ ਕੀਤੀ ਸੀ।