ਪਾਕਿਸਤਾਨ ਦੀ ਇੱਕ ਅਦਾਲਤ ਨੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਵਿੱਚ ਮਸ਼ਹੂਰ ਬਾਲੀਵੁੱਡ ਅਭਿਨੇਤਾ ਰਾਜ ਕਪੂਰ ਦੀ ਹਵੇਲੀ ‘ਤੇ ਮਾਲਕੀ ਦੇ ਅਧਿਕਾਰ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ਨੂੰ ਸੂਬਾਈ ਸਰਕਾਰ ਨੇ 2016 ਵਿੱਚ ਰਾਸ਼ਟਰੀ ਵਿਰਾਸਤ ਐਲਾਨਿਆ ਸੀ।
ਪੇਸ਼ਾਵਰ ਹਾਈ ਕੋਰਟ ਦੇ ਜੱਜਾਂ ਇਸ਼ਤਿਆਕ ਇਬਰਾਹਿਮ ਅਤੇ ਅਬਦੁਲ ਸ਼ਕੂਰ ਦੀ ਦੋ ਮੈਂਬਰੀ ਬੈਂਚ ਨੇ ਵੀਰਵਾਰ (27 ਅਪ੍ਰੈਲ) ਨੂੰ ਪਟੀਸ਼ਨਕਰਤਾ ਦੇ ਮਲਕੀਅਤ ਦੇ ਮਾਮਲੇ ਨੂੰ ਖਾਰਿਜ ਕਰ ਦਿੱਤਾ।
ਪੇਸ਼ਾਵਰ ਦੇ ਮਸ਼ਹੂਰ ਕਿੱਸਾ ਖਵਾਨੀ ਬਾਜ਼ਾਰ ਵਿੱਚ ਹਵੇਲੀ ਹਥਿਆਉਣ ਵਾਲੇ ਪ੍ਰਾਸੈੱਸ ਨਾਲ ਜੁੜੇ ਇੱਕ ਹੁਕਮ ਮੁਤਾਬਕ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ, ਜਿਸ ਨੂੰ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਸੰਘੀ ਸਰਕਾਰ ਵੱਲੋਂ ਪਹਿਲਾਂ ਹੀ ਨੈਸ਼ਨਲ ਹੈਰੀਟੇਜ ਐਲਾਨਿਆ ਜਾ ਚੁੱਕਾ ਸੀ। ਪਟੀਸ਼ਨਕਰਤਾ ਕਪੂਰ ਹਵੇਲੀ ਨੂੰ ਤੋੜ ਕੇ ਕਾਮਰਸ਼ੀਅਲ ਪਲਾਜ਼ਾ ਬਣਾਉਣਾ ਚਾਹੁੰਦਾ ਹੈ। ਖੈਬਰ ਪਖਤੂਨਖਵਾ ਦੇ ਐਡਵੋਕੇਟ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਸੂਬਾਈ ਪੁਰਾਤਤਵ ਵਿਭਾਗ ਨੇ 2016 ਵਿੱਚ ਇੱਕ ਨੋਟੀਫਿਕੇਸ਼ਨ ਰਾਹੀਂ ਕਪੂਰ ਹਵੇਲੀ ਨੂੰ ਨੈਸ਼ਨਲ ਹੈਰੀਟੇਜ ਐਲਾਨ ਦਿੱਤਾ ਸੀ।
ਪੇਸ਼ਾਵਰ ਅਦਾਲਤ ਦੇ ਜੱਜ ਸ਼ਕੂਰ ਨੇ ਪੁਰਾਤੱਤਵ ਵਿਭਾਗ ਨੂੰ ਪੁੱਛਿਆ ਕਿ ਕੀ ਉਨ੍ਹਾਂ ਕੋਲ ਕੋਈ ਦਸਤਾਵੇਜ਼ ਜਾਂ ਸਬੂਤ ਹਨ ਜੋ ਇਹ ਦਰਸਾਉਂਦੇ ਹਨ ਕਿ ਰਾਜ ਕਪੂਰ ਪਰਿਵਾਰ ਕਦੇ ਹਵੇਲੀ ਵਿੱਚ ਰਹਿੰਦਾ ਸੀ। ਪਟੀਸ਼ਨਰ ਸਈਦ ਮੁਹੰਮਦ ਦੇ ਵਕੀਲ, ਐਡਵੋਕੇਟ ਸਬਾਹੂਦੀਨ ਖੱਟਕ ਨੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨਰ ਦੇ ਪਿਤਾ ਨੇ 1969 ਵਿੱਚ ਇੱਕ ਨਿਲਾਮੀ ਦੌਰਾਨ ਕਪੂਰ ਹਵੇਲੀ ਖਰੀਦੀ ਸੀ, ਲਾਗਤ ਅਦਾ ਕੀਤੀ ਅਤੇ ਸੂਬਾ ਸਰਕਾਰ ਵੱਲੋਂ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ ਹੋਣ ਤੱਕ ਮਾਲਕ ਬਣੇ ਰਹੇ।
ਉਸ ਨੇ ਅੱਗੇ ਦਾਅਵਾ ਕੀਤਾ ਕਿ ਸੂਬਾਈ ਸਰਕਾਰ ਦੇ ਕਿਸੇ ਵੀ ਵਿਭਾਗ ਕੋਲ ਇਹ ਸਾਬਤ ਕਰਨ ਲਈ ਕੋਈ ਦਸਤਾਵੇਜ਼ ਨਹੀਂ ਹੈ ਕਿ ਮਰਹੂਮ ਰਾਜ ਕਪੂਰ ਅਤੇ ਉਨ੍ਹਾਂ ਦਾ ਪਰਿਵਾਰ ਕਦੇ ਵੀ ਇਸ ਜਾਇਦਾਦ ‘ਤੇ ਰਿਹਾ ਜਾਂ ਇਸ ਦਾ ਮਾਲਕ ਸੀ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ‘ਚ ਗੂੰਜੀ ‘ਮਨ ਕੀ ਬਾਤ’, 100 ਸਾਲਾਂ ਰਮੀਬੇਨ ਬਣੀ 100ਵੇਂ ਐਪੀਸੋਡ ਦੀ ਗਵਾਹ, ਹਜ਼ਾਰ ਤੋਂ ਵੱਧ ਸਰੋਤੇ ਸ਼ਾਮਲ
ਰਾਜ ਕਪੂਰ ਦੇ ਜੱਦੀ ਘਰ ਨੂੰ ਕਪੂਰ ਹਵੇਲੀ ਵਜੋਂ ਜਾਣਿਆ ਜਾਂਦਾ ਹੈ। ਇਹ ਪੇਸ਼ਾਵਰ ਦੇ ਮਸ਼ਹੂਰ ਕਿੱਸਾ ਖਵਾਨੀ ਬਾਜ਼ਾਰ ਵਿੱਚ ਸਥਿਤ ਹੈ। ਇਹ ਮਹਾਨ ਅਭਿਨੇਤਾ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਵੱਲੋਂ 1918 ਅਤੇ 1922 ਦੇ ਵਿਚਕਾਰ ਬਣਾਇਆ ਗਿਆ ਸੀ। ਰਾਜ ਕਪੂਰ ਅਤੇ ਉਨ੍ਹਾਂ ਦੇ ਚਾਚਾ ਤ੍ਰਿਲੋਕ ਕਪੂਰ ਦਾ ਜਨਮ ਇੱਥੇ ਹੋਇਆ ਸੀ। ਰਿਸ਼ੀ ਕਪੂਰ ਅਤੇ ਉਨ੍ਹਾਂ ਦੇ ਭਰਾ ਰਣਧੀਰ ਨੇ 1990 ਦੇ ਦਹਾਕੇ ਵਿੱਚ ਸਾਈਟ ਦਾ ਦੌਰਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: