ਅਮਰੀਕਾ ਦੇ ਬਾਰਡਰ ਤੋਂ ਕੁਝ ਮੀਟਰ ਦੀ ਦੂਰੀ ‘ਤੇ ਮੌਤ ਦੇ ਮੂੰਹ ਵਿਚ ਗਏ ਭਾਰਤੀ ਪਰਿਵਾਰ ਦੇ ਮਸਲੇ ਨੂੰ ਕੈਨੇਡਾ ਸਰਕਾਰ ਗੰਭੀਰਤਾ ਨਾਲ ਲੈ ਰਹੀ ਹੈ ਤੇ ਵੀਜ਼ਾ ਅਰਜ਼ੀਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ ਦੌਰਾਨ ਹਜ਼ਾਰਾਂ ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋ ਸਕਦੀਆਂ ਹਨ। ਅਮਰੀਕਾ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ। ਭਾਰਤੀ ਨਾਗਰਿਕਾਂ ਦੀਆਂ ਵੀਜ਼ਾਂ ਅਰਜ਼ੀਆਂ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਇਸ ਗੱਲ ਦੀ ਜਾਂਚ ਹੋਣ ਤੋਂ ਬਾਅਦ ਵੀ ਵੀਜ਼ਾ ਜਾਰੀ ਕੀਤਾ ਜਾਵੇਗਾ ਕਿ ਸਬੰਧਤ ਵਿਅਕਤੀ ਦਾ ਕੈਨੇਡਾ ਆਉਣ ਦਾ ਮਕਸਦ ਕੀ ਹੈ। ਮਾਮੂਲੀ ਸ਼ੱਕ ਹੋਣ ‘ਤੇ ਵੀ ਪਾਸਪੋਰਟ ‘ਤੇ ਰਿਜੈਕਟ ਦੀ ਮੋਹਰ ਲੱਗ ਸਕਦੀ ਹੈ।
ਕੈਨੇਡਾ ਦੇ PM ਟਰੂਡੋ ਵੀ ਇਹ ਮੰਨ ਚੁੱਕੇ ਹਨ ਕਿ ਵੱਡੀ ਗਿਣਤੀ ਵਿਚ ਭਾਰਤੀ ਕਿਸੇ ਨਾ ਕਿਸੇ ਤਰੀਕੇ ਅਮਰੀਕਾ ਜਾਂ ਕੈਨੇਡਾ ਪਹੁੰਚਣਾ ਚਾਹੁੰਦੇ ਹਨ। ਗੁਜਰਾਤ ਦੇ ਪਿੰਡ ਦਿਨਗੁਚਾ ਵਿਚ ਲੱਗੇ ਪੋਸਟਰ ਅਤੇ ਬੈਨਰ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਮੂੰਹ ਚਿੜਾ ਰਹੇ ਹਨ ਜਿਨ੍ਹਾਂ ਵਿਚ ਵੀਜ਼ੇ ਦੀ ਗਾਰੰਟੀ ਦਿੱਤੀ ਗਈ ਹੈ। ਇਸੇ ਗਾਰੰਟੀਸ਼ੁਦਾ ਵੀਜ਼ੇ ‘ਤੇ ਜਗਦੀਸ਼ ਪਟੇਲ ਆਪਣੇ ਪਰਿਵਾਰ ਸਣੇ ਵਿਜ਼ੀਟਰ ਵੀਜ਼ਾ ‘ਤੇ ਕੈਨੇਡਾ ਦਾਖਲ ਹੋਇਆ ਤੇ ਫਿਰ ਰਾਤ ਦੇ ਹਨ੍ਹੇਰੇ ਵਿਚ ਅਮਰੀਕਾ ਵੱਲ ਕਦਮ ਵਧਾਏ ਪਰ ਭਾਰਤ ‘ਚ ਮੌਜੂਦ ਟ੍ਰੈਵਲ ਏਜੰਟਾਂ ਜਾਂ ਨਾਜਾਇਜ਼ ਤਰੀਕੇ ਨਾਲ ਸਰਹੱਦ ਪਾਰ ਕਰਵਾਉਣ ਵਾਲਿਆਂ ਨੇ ਇਹ ਨਹੀਂ ਦੱਸਿਆ ਕਿ ਮਾਈਨਸ 35 ਡਿਗਰੀ ਦੀ ਠੰਡ ਤੋਂ ਬਚਾਅ ਦੇ ਇੰਤਜ਼ਾਮ ਕਰਕੇ ਆਉਣਾ ਹੈ।
ਇਹ ਪਰਿਵਾਰ 12 ਜਨਵਰੀ ਨੂੰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਿਆ ਤੇ ਇਥੋਂ ਜਗਦੀਸ਼ ਪਟੇਲ ਨੇ ਆਪਣੇ ਪਿਤਾ ਤੇ ਚਚੇਰੇ ਭਰਾ ਨੂੰ ਫੋਨ ਕਰਕੇ ਸਾਰਾ ਕੁਝ ਠੀਕ-ਠਾਕ ਹੋਣ ਬਾਰੇ ਦੱਸਿਆ। ਜਗਦੀਸ਼ ਪਟੇਲ ਨੇ ਫੋਨ ‘ਤੇ ਠੰਡ ਦਾ ਜ਼ਿਕਰ ਵੀ ਕੀਤਾ ਪਰ ਉਹ ਨਹੀਂ ਜਾਣਦਾ ਸੀ ਕਿ ਹਵਾਈ ਅੱਡੇ ਜਾਂ ਹੋਟਲ ‘ਚ ਠੰਡ ਤੋਂ ਬਚਾਅ ਦੇ ਪ੍ਰਬੰਧ ਹੁੰਦੇ ਹਨ ਜਦੋਂ ਕਿ ਰੜੇ ਮੈਦਾਨ ਵਿਚ ਅਮਰੀਕਾ ਵੱਲ ਜਾਣ ਲੱਗਿਆਂ ਹੀਟਿੰਗ ਦਾ ਕੋਈ ਪ੍ਰਬੰਧ ਨਹੀਂ। ਟੋਰਾਂਟੋ ਤੋਂ ਇਹ ਪਰਿਵਾਰ ਮੈਨੀਟੋਬਾ ਰਵਾਨਾ ਹੋ ਗਿਆ ਜਿਥੇ ਟ੍ਰੈਵਲ ਏਜੰਟ ਦੇ ਸਾਥੀਆਂ ਵੱਲੋਂ ਸਰਹੱਦ ਪਾਰ ਕਰਵਾਈ ਜਾਣੀ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਜਗਦੀਸ਼ ਪਟੇਲ ਦੇ ਪਿਤਾ ਨੇ ਦੱਸਿਆ ਕਿ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਉਸ ਨੇ 20 ਕਿੱਲੇ ਜ਼ਮੀਨ ਵੇਚ ਦਿੱਤੀ ਤੇ ਉਸ ਕੋਲ ਇੰਨਾ ਪੈਸੇ ਵੀ ਨਹੀਂ ਰਿਹਾ ਕਿ ਉਹ ਆਪਣੇ ਨੂੰਹ-ਪੁੱਤ ਤੇ ਪੋਤੇ-ਪੋਤੀ ਦੀਆਂ ਲਾਸ਼ਾਂ ਨੂੰ ਭਾਰਤ ਮੰਗਵਾ ਸਕਦਾ। ਕੈਨੇਡਾ ਤੇ ਅਮਰੀਕਾ ਤੋਂ ਇਲਾਵਾ ਭਾਰਤ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲਾ ਸੀਆਈਡੀ ਦੇ ਹਵਾਲੇ ਕਰ ਦਿੱਤਾ ਹੈ। ਅਮਰੀਕਾ ਤੇ ਕੈਨੇਡਾ ਦੀ ਵੀਜ਼ਾ ਲਗਵਾਉਣ ਦੀ ਗਾਰੰਟੀ ਦੇਣ ਵਾਲੇ 13 ਏਜੰਟ ਗ੍ਰਿਫਤਾਰ ਕੀਤੇ ਗਏ ਹਨ। ਗੁਜਰਾਤ ਦੇ ADGP ਨੇ ਦੱਸਿਆ ਕਿ 7 ਹੋਰ ਗੁਜਰਾਤੀਆਂ ਦੀ ਸ਼ਨਾਖਤ ਵੀ ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਤੋਂ ਮੰਗੀ ਗਈ ਹੈ ਜੋ ਦਿਨਗੁਚਾ ਪਿੰਡ ਦੇ ਆਸ-ਪਾਸ ਵਸਦੇ ਪਿੰਡਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ ਤੇ ਇਨ੍ਹਾਂ ਨੂੰ ਅਮਰੀਕਾ ਵਿਚ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ ਸੀ।