ਪੰਜਾਬ ਦੇ ਲੁਧਿਆਣਾ ‘ਚ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਸੁੱਖਾ ਬਡੇਵਾਲੀਆ ਦੇ ਕਤਲ ਦੇ ਦੋਸ਼ੀ ਸੂਰਜ ਪ੍ਰਕਾਸ਼ ਉਰਫ ਬੱਬੂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਬੱਬੂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਇਹ ਮਾਮਲਾ ਕਿਸੇ ਹੋਰ ਅਧਿਕਾਰੀ ਨੂੰ ਸੌਪਣ ਦੀ ਮੰਗ ਕੀਤੀ ਹੈ। ਉਸਨੇ ਜਾਂਚ ਕਰ ਰਹੇ ਇਕ SHO ‘ਤੇ ਨਿੱਜੀ ਰੰਜਿਸ਼ ਕਾਰਨ ਜਾਂਚ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਦੋਸ਼ ਵੀ ਲਾਏ ਹਨ। ਹਾਲਾਂਕਿ ਪੁਲਿਸ ਅਧਿਕਾਰੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
8 ਮਈ ਨੂੰ ਸੁੱਖਾ ਬਾੜੇਵਾਲੀਆ ਨੂੰ ਹੈਬੋਵਾਲ ਦੇ ਜੋਗਿੰਦਰ ਨਗਰ ਵਿਚ ਰੋਹਿਤ ਮਲਹੋਤਰਾ ਦੇ ਘਰ ਗੋਲੀ ਮਾਰ ਦਿੱਤੀ ਗਈ ਸੀ। ਇਸ ਹਮਲੇ ਵਿੱਚ ਰੋਹਿਤ ਦੀ ਅੱਖ ‘ਤੇ ਵੀ ਗੋਲੀ ਲੱਗੀ ਸੀ। ਪੁਲਿਸ ਨੇ ਰੋਹਿਤ, ਪੱਖੋਵਾਲ ਰੋਡ ਦੇ ਗੋਪਾਲ ਮਹਾਜਨ ਉਰਫ਼ ਗੋਪੀ ਤੇ ਆਰੀਆ ਮੁਹੱਲਾ ਦੇ ਸੂਰਜ ਪ੍ਰਕਾਸ਼ ਉਰਫ ਬੱਬੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰੋਹਿਤ ਹਸਪਤਾਲ ‘ਚ ਦਾਖ਼ਲ ਹੈ, ਜਦਕਿ ਬਾਕੀ ਦੋਸ਼ੀ ਅਜੇ ਫ਼ਰਾਰ ਹਨ।
ਸੂਰਜ ਉਰਫ਼ ਬੱਬੂ ਨੇ ਸੋਮਵਾਰ ਦੁਪਹਿਰ ਨੂੰ ਇਕ ਵੀਡੀਓ ਜਾਰੀ ਕੀਤਾ ਹੈ। ਵੀਡੀਓ ਵਿੱਚ ਬੱਬੂ ਨੇ ਦਾਅਵਾ ਕੀਤਾ ਹੈ ਕਿ ਰੋਹਿਤ ਵਲੋਂ ਬਾਰ-ਬਾਰ ਕਹੇ ਜਾਣ ਤੋਂ ਬਾਅਦ ਉਹ ਅਤੇ ਸੁੱਖਾ ਆਪਣੇ ਮਸਲੇ ਹੱਲ ਕਰਨ ਲਈ ਰੋਹਿਤ ਦੇ ਘਰ ਗਏ ਸਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਰੋਹਿਤ ਨਸ਼ੇ ਦੀ ਤਸਕਰੀ ਲਈ ਸੁੱਖੇ ਦਾ ਨਾਂ ਵਰਤ ਰਿਹਾ ਸੀ ਅਤੇ ਸੁੱਖਾ ਇਸ ਦੇ ਖ਼ਿਲਾਫ਼ ਸੀ।
ਵੀਡੀਓ ਵਿੱਚ ਬੱਬੂ ਨੇ ਦਾਅਵਾ ਕੀਤਾ ਕਿ ਉਸ ਦਾ ਰੋਹਿਤ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਜਦੋਂ ਮੁਲਜ਼ਮ ਨੇ ਸੁੱਖਾ ਨੂੰ ਗੋਲੀ ਮਾਰ ਦਿੱਤੀ ਤਾਂ ਉਸ ਨੇ ਆਪਣੇ ਬਚਾਅ ਵਿਚ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ, ਨਹੀਂ ਤਾਂ ਉਸ ਦੀ ਵੀ ਮੌਤ ਹੋ ਸਕਦੀ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਰੋਹਿਤ ਦੀ ਪਤਨੀ ਮਠਿਆਈਆਂ ਦਾ ਇਕ ਡੱਬਾ ਲੈ ਕੇ ਉੱਪਰ ਆਈ ਸੀ, ਜਿਸ ਵਿਚ ਉਸਨੇ ਹਥਿਆਰ ਛੁਪਾਏ ਹੋਏ ਸਨ। ਉਸਨੇ ਇਹ ਵੀ ਕਿਹਾ ਕਿ ਉਹ ਇਸ ਦੇ ਲਈ ਦੋਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਬੱਬੂ ਨੇ ਦੋਸ਼ ਲਾਇਆ ਕਿ ਜਾਂਚ ਨਾਲ ਸਬੰਧਤ ਇਕ ਅਧਿਕਾਰੀ ਨਿੱਜੀ ਰੰਜਿਸ਼ ਦਿਖਾ ਰਿਹਾ ਹੈ। ਜੁਲਾਈ, 2021 ਵਿਚ ਇਕ ਔਰਤ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ਵਿਚ ਉਕਤ ਅਧਿਕਾਰੀ ਵਿਰੁੱਧ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਉਸ ਕੇਸ ਵਿਚ ਉਸਨੇ ਉਸ ਤੋਂ ਮਦਦ ਮੰਗੀ ਸੀ, ਪਰ ਉਸਨੇ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਹੁਣ ਉਕਤ ਅਧਿਕਾਰੀ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਜਾਂਚ ਨੂੰ ਨਾਜਾਇਜ਼ ਦੂਸਰਾ ਰੂਪ ਦੇ ਰਿਹਾ ਹੈ। ਬੱਬੂ ਨੇ ਇਸ ਮਾਮਲੇ ਦੀ ਜਾਂਚ ਕਿਸੇ ਹੋਰ ਅਧਿਕਾਰੀ ਨੂੰ ਦੇਣ ਲਈ ਵੀ ਕਿਹਾ, ਜਿਸ ਤੋਂ ਬਾਅਦ ਉਹ ਆਤਮ ਸਮਰਪਣ ਕਰ ਦੇਣਗੇ।
ਇਹ ਵੀ ਪੜ੍ਹੋ : CM ਮਾਨ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਦਾ ਕੀਤਾ ਉਦਘਾਟਨ, 45 ਕਾਊਂਟਰਾਂ ਤੋਂ ਚੱਲਣਗੀਆਂ 1500 ਬੱਸਾਂ
ਇਸ ਸਬੰਧੀ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਘਟਨਾ ਦੇ ਸਮੇਂ ਰੋਹਿਤ ਦੀ ਪਤਨੀ ਘਰ ਵਿਚ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ, ਜੇਕਰ ਬੱਬੂ ਦਾ ਇਹ ਦਾਅਵਾ ਸੱਚ ਹੈ ਕਿ ਉਹ ਅਤੇ ਸੁੱਖਾ ਉੱਥੇ ਲੜਾਈ ਕਰਨ ਨਹੀਂ ਗਏ ਸਨ, ਤਾਂ ਬੱਬੂ ਹਥਿਆਰ ਲੈ ਕੇ ਕਿਉਂ ਗਿਆ ਸੀ। ਬੱਬੂ ਨੇ ਵੀਡੀਓ ਵਿਚ ਮੰਨਿਆ ਹੈ ਕਿ ਉਸ ਨੇ ਮੌਕੇ ‘ਤੇ ਗੋਲੀਬਾਰੀ ਕੀਤੀ ਸੀ।
ਜਾਂਚ ਅਧਿਕਾਰੀ SHO ਬਿਟਨ ਕੁਮਾਰ ਤੇ ਲੱਗੇ ਦੋਸ਼ਾਂ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਪੁਲਿਸ ’ਤੇ ਦਬਾਅ ਬਣਾਉਣ ਅਤੇ ਜਾਂਚ ਨੂੰ ਮਿਸਲੀਡ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ ਪਰ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਉਨ੍ਹਾਂ ਕਿਹਾ- ਮੇਰੇ ’ਤੇ ਲਏ ਸਾਰੇ ਦੋਸ਼ ਬੇਬੁਨਿਆਦ ਹਨ। ਇਸ ’ਤੇ ਪਹਿਲਾਂ ਵੀ ਲੁੱਟ-ਖੋਹ ਅਤੇ ਜੂਆ ਖਿਡਾਉਣ ਦੇ ਪਰਚੇ ਦਰਜ ਹਨ। ਪੁਲਿਸ ਨੂੰ ਮਾਮਲੇ ’ਚ ਉਸ ਦੀ ਭਾਲ ਹੈ, ਜਿਸ ਦੇ ਫੜੇ ਜਾਣ ਤੋਂ ਬਾਅਦ ਹੋਰ ਵੀ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: