ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਸਕੀਮ ਲਾਗੂ ਨਹੀਂ ਕਰਦੀ, ਉਦੋਂ ਤੱਕ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦੀ ਸੰਤੁਸ਼ਟੀ ਨਹੀਂ ਕਰਵਾਈ ਜਾ ਸਕਦੀ।
ਦੱਸ ਦੇਈਏ ਕਿ ਅਕਾਲੀ ਦਲ ਦੇ ਪ੍ਰਧਾਨ ਕਾਂਗਰਸ ਦੇ ਬੁੱਧੀਜੀਵੀ ਸੈਲ ਦੇ ਪ੍ਰਧਾਨ ਅਨੀਸ਼ ਸਿਦਾਣਾ ਦੇ ਅੱਜ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਸ਼ਹਿਰੀ ਖੇਤਰ ਦੇ ਮਾਮਲੇ ਵਿਚ ਆਪਣਾ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਹੈ।
ਅਕਾਲੀ ਦਲ ਪ੍ਰਧਾਨ ਨੇ ਕੱਲ੍ਹ ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਕਿਸਾਨ ਸੰਗਠਨਾਂ ਦੇ ਪ੍ਰਤੀਨਿਧਾਂ ਵੱਲੋਂ ਤਸੱਲੀ ਪ੍ਰਗਟਾਉਣ ’ਤੇ ਹੈਰਾਨੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਸੂਬੇ ਦੇ ਕਿਸਾਨ ਤਾਂ ਹਾਲੇ ਕਾਂਗਰਸ ਪਾਰਟੀ ਦੀ ਪੂਰਨ ਕਰਜ਼ਾ ਮੁਆਫੀ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਮਾਮਲੇ ’ਤੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਸ ਸਹੁੰ ਦਾ ਹਿੱਸਾ ਸਨ ਤੇ ਹੁਣ ਉਹਨਾਂ ਨੂੰ ਇਸ ਵਾਅਦੇ ਤੋਂ ਭੱਜਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਕਿਸਾਨ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਕਾਂਗਰਸ ਪਾਰਟੀ ਨੂੰ ਆਪਣੇ ਬੋਲ ਪੁਗਾਉਣ ਲਈ ਆਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਕਿਸਾਨ ਵੀ ਕਿਸਾਨ ਜਥੇਬੰਦੀਆਂ ਤੋਂ ਇਹ ਆਸ ਕਰਦੇ ਸਨ ਕਿ ਉਹ ਮੁੱਖ ਮੰਤਰੀ ਨਾਲ ਕੱਲ੍ਹ ਦੀ ਮੀਟਿੰਗ ਦੌਰਾਨ ਡੀ ਏ ਪੀ ਖਾਦ ਦੀ ਘਾਟ ਤੇ ਇਸਦੀ ਕਾਲਾਬਾਜ਼ਾਰੀ ਦਾ ਮਾਮਲਾ ਚੁੱਕਣਗੇ।
ਸ. ਬਾਦਲ ਨੇ ਇਸ ਮੌਕੇ ਮੁੱਖ ਮੰਤਰੀ ’ਤੇ ਤਿੱਖਾ ਹਮਲਾ ਬੋਲਿਆ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਸੂਬੇ ਵਿਚ ਨਾਜਾਇਜ਼ ਕਾਲੋਨੀਆਂ ਕੱਟਣ ਵਾਲਾ ਸਭ ਤੋਂ ਵੱਡਾ ਕਲੋਨਾਈਜ਼ਰ ਹੈ, ਜੋ ਖਰੜ-ਰੋਪੜ ਪੱਟੀ ’ਤੇ ਗੈਰ-ਕਾਨੂੰਨੀ ਕਾਲੋਨੀਆਂ ਖੁੰਬਾਂ ਵਾਂਗ ਉਗਣ ਲਈ ਜ਼ਿੰਮੇਵਾਰ ਹੈ ਤੇ ਇਸਨੇ ਇਲਾਕੇ ਵਿਚ ਰੇਤ ਮਾਇਨਿੰਗ ਦੇ ਵਪਾਰ ’ਤੇ ਕਬਜ਼ਾ ਕੀਤਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਸੁਖਬੀਰ ਨੇ ਅੱਗੇ ਕਿਹਾ ਕਿ ਮੁੰਖ ਮੰਤਰੀ ਗੈਰ-ਕਾਨੂੰਨੀ ਕਾਲੋਨੀਆਂ ਤੇ ਰੇਤ ਮਾਫੀਆ ਦੀ ਸਰਪ੍ਰਸਤੀ ਕਰਨ ਲਈ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਰੇਤੇ ਦੀਆਂ ਕੀਮਤਾਂ ਘਟਾਉਣ ਦੇ ਨਾਂ ’ਤੇ ਲੋਕਾਂ ਨਾਲ ਫਰੇਬ ਕੀਤਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਕਿਤੇ ਵੀ ਮੁੱਖ ਮੰਤਰੀ ਦੇ ਕੀਤੇ ਐਲਾਨ ਮੁਤਾਬਕ 5 ਰੁਪਏ ਪ੍ਰਤੀ ਫੁੱਟ ਰੇਤਾ ਨਹੀਂ ਮਿਲ ਰਿਹਾ, ਬਲਕਿ ਇਸ ਝੂਠ ਦੇ ਪ੍ਰਚਾਰ ਲਈ ਸੂਬੇ ਦੇ ਖ਼ਜ਼ਾਨੇ ਨੇ 50 ਕਰੋੜ ਰੁਪਏ ਗੁਆ ਲਏ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੈਟਰੋਲੀਅਮ ਪਦਾਰਥ ਵੀ ਖਿੱਤੇ ਵਿਚ ਸਭ ਤੋਂ ਸਸਤੇ ਹੋਣ ਬਾਰੇ ਝੁਠ ਬੋਲਿਆ ਤੇ 31 ਮਾਰਚ ਤੱਕ ਬਿਜਲੀ ਦਰਾਂ ਵਿਚ 3 ਰੁਪਏ ਦੀ ਕਟੌਤੀ ਕਰ ਕੇ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਜਦੋਂ ਉਹਨਾਂ ਤੋਂ ਹਾਈ ਕੋਰਟ ਵਿਚ ਐਸਟੀਐਫ ਦੀ ਰਿਪੋਰਟ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਕੋਈ ਵੀ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨ ਤੋਂ ਨਹੀਂ ਰੋਕ ਰਿਹਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਜਾਏ ਨਸ਼ਿਆਂ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨ ਦੇ ਕਾਂਗਰਸ ਸਰਕਾਰ ਉਸੇ ਤਰੀਕੇ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ ਜਿਵੇਂ ਇਸਨੇ ਬੇਅਦਬੀ ਮਾਮਲੇ ਦਾ ਕੀਤਾ।
ਇਹ ਵੀ ਪੜ੍ਹੋ : ਚੋਣਾਂ ਲਈ ‘ਆਪ’ ਨੇ ਬੰਨ੍ਹਿਆ ਲੱਕ, ਕੇਜਰੀਵਾਲ ਤੂਫਾਨੀ ਪ੍ਰਚਾਰ ਲਈ ਐਤਵਾਰ ਆਉਣਗੇ ਪੰਜਾਬ
ਬਾਦਲ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਬੇਅਦਬੀ ਮਾਮਲੇ ਵਿਚ ਉਹਨਾਂ ਦੇ ਖਿਲਾਫ ਨਿੱਕਾ ਜਿਹਾ ਵੀ ਸਬੂਤ ਵਿਖਾਵੇ ਤੇ ਕਿਹਾ ਕਿ ਸਰਕਾਰ ਕੇਸ ਵਿਚ ਉਹਨਾਂ ਨੂੰ ਫਸਾਉਣ ਲਈ ਪੱਬਾਂ ਭਾਰ ਹੋਈ ਪਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਮੈਨੂੰ ਫਸਾਉਣ ਲਈ ਮੁੱਖ ਮੰਤਰੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਡੀਜੀਪੀਆਈ ਪੀ.ਐਸ. ਸਹੋਤਾ ਵੱਲੋਂ ਰਚੀ ਗਈ ਸਾਜ਼ਿਸ਼ ਬੇਨਕਾਬ ਕੀਤੀ ਹੈ ਤੇ ਜੇਕਰ ਇਹ ਮੈਨੂੰ ਫਸਾਉਂਦੇ ਹਨ ਤਾਂ ਫਿਰ ਇਹ ਧਾਰਾ 120 (ਬੀ) ਤਹਿਤ ਜ਼ਿੰਮੇਵਾਰ ਹੋਣਗੇ।
ਬੱਸ ਪਰਮਿਟ ਰੱਦ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਉਹਨਾਂ ਦੀ ਟਰਾਂਸਪੋਰਟ ਕੰਪਨੀ ਦੇ ਬੱਸ ਪਰਮਿਟ ਕੋਈ ਨੋਟਿਸ ਦਿੱਤਿਆਂ ਰੱਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸਾਡੇ ਵੱਲ ਤਾਂ ਪੰਜਾਬ ਸਰਕਾਰ ਦਾ ਇਕ ਰੁਪਿਆ ਵੀ ਟੈਕਸ ਬਕਾਇਆ ਨਹੀਂ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸੀ ਆਗੂਆਂ ਦੀਆਂ ਕੰਪਨੀਆਂ ਵੱਡੀਆਂ ਡਿਫਾਲਟਰ ਹਨ ਪਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ।
ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਸਰਕਾਰੀ ਬੱਸਾਂ ਦੇ 280 ਕਰੋੜ ਰੁਪਏ ਦੇ ਟੈਕਸ ਬਕਾਏ ਦੇਣੇ ਹਨ ਤੇ ਜ਼ੁਰਮਾਨੇ ਸਾਨੂੰ ਕੀਤੇ ਜਾ ਰਹੇ ਹਨ।