ਚੰਡੀਗੜ੍ਹ ਦੇ ਸੈਕਟਰ -33 ਸਥਿਤ ਪੰਜਾਬ ਯੋਜਨਾ ਭਵਨ ਵਿੱਚ ਸ਼ਨੀਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਇਲਾਕੇ ‘ਚ ਸਨਸਨੀ ਫੈਲ ਗਈ। ਧੂੰਆਂ ਉੱਠਦਾ ਦੇਖ ਕੇ ਨੇੜਲੇ ਲੋਕਾਂ ਨੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਗਨੀਮਤ ਰਹੀ ਕਿ ਅੱਗ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਮਹੱਤਵਪੂਰਨ ਦਸਤਾਵੇਜ਼ਾਂ ਸਮੇਤ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ। ਪਰ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ।
ਸ਼ਨੀਵਾਰ ਸਵੇਰੇ ਫਾਇਰ ਵਿਭਾਗ ਨੂੰ ਸੂਚਨਾ ਮਿਲੀ ਕਿ ਸੈਕਟਰ -33 ਸਥਿਤ ਪੰਜਾਬ ਯੋਜਨਾ ਭਵਨ ਵਿੱਚ ਭਿਆਨਕ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਸੈਕਟਰ -32 ਫਾਇਰ ਸਟੇਸ਼ਨ, ਸੈਕਟਰ -38, ਸੈਕਟਰ -17, ਮਨੀਮਾਜਰਾ ਸੈਕਟਰ -11 ਸਮੇਤ ਫਾਇਰ ਸਟੇਸ਼ਨ ਤੋਂ ਕਈ ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ। ਅੱਗ ਇੰਨੀ ਭਿਆਨਕ ਸੀ ਕਿ ਚਾਰੇ ਪਾਸੇ ਧੂੰਆਂ ਫੈਲ ਗਿਆ।
ਇਹ ਵੀ ਪੜ੍ਹੋ : ਪਿੰਡ ਰਾਮਪੁਰ ‘ਚ ਪੁਲਿਸ ਦਾ ਛਾਪਾ, SFJ ਨਾਲ ਜੁੜੇ 3 ਖਾਲਿਸਤਾਨੀ ਗ੍ਰਿਫਤਾਰ, ਪ੍ਰਿੰਟਿੰਗ ਮਸ਼ੀਨ ਤੇ ਰੈਫਰੈਂਡਮ 2020 ਨਾਲ ਸਬੰਧਤ ਸਮੱਗਰੀ ਬਰਾਮਦ
ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਇਮਾਰਤ ਨੂੰ ਸਾਰੇ ਪਾਸਿਓਂ ਸੀਲ ਕਰ ਦਿੱਤਾ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਸ ਦੇ ਨਾਲ ਹੀ ਇਸ ਅੱਗ ਵਿੱਚ ਇਮਾਰਤ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸਦੀ ਜਾਂਚ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ।