ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ ਕਿਵੇਂ ਪਾਰਟੀ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੇ ਦਾਅਵੇ ਨੂੰ ਵੱਡੀ ਗਿਣਤੀ ‘ਚ ਹਮਾਇਤ ਦਿੱਤੀ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਨੁੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਨੇ ਕਾਂਗਰਸ ਹਾਈ ਕਮਾਂਡ ਵੱਲੋਂ ਅੰਦਰੂਨੀ ਲੋਕਤੰਤਰ ਦੇ ਨਾਂ ’ਤੇ ਕੀਤੇ ਜਾ ਰਹੇ ਧੋਖੇ ਨੂੰ ਬੇਨਕਾਬ ਕਰ ਦਿੱਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਫੌਰੀ ਅਸਤੀਫਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਨਾ ਸਿਰਫ ਆਪਣੇ ਵਿਧਾਇਕਾਂ ਨਾਲ ਧੋਖਾ ਕੀਤਾ ਹੈ ਬਲਕਿ ਸ੍ਰੀ ਚਰਨਜੀਤ ਸਿੰਘ ਚੰਨੀ ਨੁੰ ਮੁੱਖ ਮੰਤਰੀ ਬਣਾ ਕੇ ਆਪਣੀ ਪਾਰਟੀ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਵਿਧਾਇਕਾਂ ਦੀ ਅੰਦਰੂਨੀ ਬੈਲਟ ਰਾਹੀਂ ਰਾਇ ਲਈ ਗਈ ਕਿ ਕੈਪਟਨ ਅਮਰਿੰਦਰ ਸਿੰਘ ਦੀ ਥਾਂ ’ਤੇ ਮੁੱਖ ਮੰਤਰੀ ਕਿਸ ਨੂੰ ਬਣਾਉਣਾ ਹੈ।
ਡਾ. ਚੀਮਾ ਨੇ ਕਿਹਾ ਕਿ ਹੁਣ ਸੁਨੀਲ ਜਾਖੜ ਨੇ ਖੁਲ੍ਹਾਸਾ ਕੀਤਾ ਹੈ ਕਿ ਉਨ੍ਹਾਂ 42 ਵਿਧਾਇਕਾਂ ਦੀ ਹਮਾਇਤ ਹਾਸਲ ਹੋਈ ਸੀ ਅਤੇ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ 16 ਵਿਧਾਇਕਾਂ, ਪ੍ਰਨੀਤ ਕੌਰ ਨੂੰ 12 ਤੇ ਚੰਨੀ ਨੂੰ 2 ਵਿਧਾਇਕਾਂ ਦੀ ਹਮਾਇਤ ਹਾਸਲ ਹੋਈ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਕਾਂਗਰਸ ਹਾਈ ਕਮਾਂਡ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਸਲੀਅਤ ਦੱਸੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਆਗੂਆਂ ਤੇ ਵਰਕਰਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸਨੇ ਪਾਰਟੀ ਦੇ ਅੰਦਰੂਨੀ ਲੋਕਤੰਤਰ ਮੁਤਾਬਕ ਕੰਮ ਕਿਉਂ ਨਹੀਂ ਕੀਤਾ। ਇਸ ਤੋਂ ਪਤਾ ਚਲਦਾ ਹੈ ਕਿ ਕਾਂਗਰਸ ਵੱਲੋਂ ਪ੍ਰਚਾਰਿਆ ਜਾਂਦਾ ਅੰਦਰੂਨੀ ਲੋਕਤੰਤਰ ਸਿਰਫ ਇਕ ਡਰਾਮਾ ਹੈ ਤੇ ਇਹ ਪਾਰਟੀ ਗਾਂਧੀ ਪਰਿਵਾਰ ਵੱਲੋਂ ਤਾਨਾਸ਼ਾਹੀ ਨਾਲ ਚਲਾਈ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: