ਲੁਧਿਆਣਾ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਥੇ ਰੇਲ ਟਰੈਕ ਪਾਰ ਕਰਦੇ ਸਮੇਂ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 35 ਢੋਲੇਵਾਲ ਨੇੜੇ ਆਯੋਜਿਤ ਦੁਸਹਿਰਾ ਮੇਲਾ ਵੇਖ ਕੇ ਘਰ ਪਰਤ ਰਹੇ ਇੱਕ 35 ਸਾਲਾ ਵਿਅਕਤੀ ਅਤੇ ਇੱਕ 16 ਸਾਲਾ ਲੜਕਾ ਰੇਲਵੇ ਦੀ ਦੀਵਾਰ ‘ਤੇ ਚੜ੍ਹ ਕੇ ਰੇਲਵੇ ਟ੍ਰੈਕ ਪਾਰ ਕਰ ਰਹੇ ਸਨ। ਉਦੋਂ ਹੀ ਇਹ ਹਾਦਸਾ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਰੇਲਵੇ ਅਧਿਕਾਰੀਆਂ ਨੇ ਮੌਕੇ ‘ਤੇ ਐਂਬੂਲੈਂਸ ਭੇਜੀ ਤਾਂ ਜੋ ਉਨ੍ਹਾਂ ਨੂੰ ਜਲਦੀ ਹਸਪਤਾਲ ‘ਚ ਦਾਖਲ ਕਰਵਾਇਆ ਜਾ ਸਕੇ, ਪਰ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਦੋਂ ਦੋਵੇਂ ਰੇਲਵੇ ਦੀ ਕੰਧ ‘ਤੇ ਚੜ੍ਹ ਕੇ ਟਰੈਕ ਪਾਰ ਕਰ ਰਹੇ ਸਨ ਤਾਂ ਉਹ ਟਰੇਨ ਨਾਲ ਟਕਰਾ ਗਏ ਤਾਂ ਚੰਡੀਗੜ੍ਹ-ਅੰਮ੍ਰਿਤਸਰ ਰੇਲ ਗੱਡੀ ਦੇ ਡਰਾਈਵਰ ਅਤੇ ਗਾਰਡ ਨੇ ਟ੍ਰੇਨ ਨੂੰ ਰੋਕ ਦਿੱਤਾ ਅਤੇ ਦੋਵਾਂ ਨੂੰ ਹਸਪਤਾਲ ਭੇਜਣ ਲਈ ਉੱਚ ਅਧਿਕਾਰੀ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆਂ ਨੇ ਮੌਕੇ ‘ਤੇ ਐਂਬੂਲੈਂਸ ਭੇਜੀ ਪਰ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ।
ਜੀਆਰਪੀ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਦੋਵਾਂ ਵਿੱਚੋਂ ਕਿਸੇ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿਚ ਸ਼ਨਾਖਤ ਲਈ ਰਖਵਾਇਆ ਗਿਆ ਹੈ ਅਤੇ ਇਸਦੀ ਪਛਾਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵਾਂ ਮ੍ਰਿਤਕਾਂ ਦੀਆਂ ਜੇਬਾਂ ਵਿੱਚੋਂ ਕੋਈ ਪਛਾਣ ਦਸਤਾਵੇਜ਼ ਨਹੀਂ ਮਿਲਿਆ ਹੈ।ਜਾਂਚ ਚੱਲ ਰਹੀ ਹੈ, ਛੇਤੀ ਹੀ ਦੋਵਾਂ ਦੀ ਪਛਾਣ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਰੇਲ ਪਟੜੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਪਾਰ ਕਰਨ ਕਾਰਨ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।