ਪੰਜਾਬ ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈੱਸ ਸਰਟੀਫਿਕੇਟ ਘਪਲੇ ਵਿਚ ਜਲੰਧਰ ਵਿਚ ਤਾਇਨਾਤ ਮੋਟਰ ਵ੍ਹੀਕਲ ਇੰਸਪੈਕਟਰ ਨਰੇਸ਼ ਕਲੇਰ ਨਾਲ ਮਿਲੀਭੁਗਤ ਕਰਨ ਵਾਲੇ ਇਕ ਹੋਰ ਏਜੰਟ ਗੌਰਵ ਅਰੋੜਾ, ਵਾਸੀ ਸੈਂਟਰਲ ਟਾਊਨ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਉਸ ਦਾ ਮੋਬਾਈਲ ਫੋਨ ਤੇ ਸਿਮ ਕਾਰਡ ਜ਼ਬਤ ਕਰ ਲਿਆ ਹੈ ਜੋ ਇਸ ਘਪਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਡਾਟਾ ਮਾਹਿਰਾਂ ਨੂੰ ਭੇਜਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਨੇ ਦੱਸਿਆ ਕਿ ਬਿਊਰੋ ਨੇ ਐੱਮ. ਵੀ. ਆਈ. ਜਲੰਧਰ ਦੇ ਦਫਤਰ ਵਿਚ ਅਗਸਤ 2022 ਵਿਚ ਅਚਾਨਕ ਚੈਕਿੰਗ ਕੀਤੀ ਤੇ ਵੱਡੇ ਪੱਧਰ ‘ਤੇ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵਪਾਰਕ ਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਲਈ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੁਖਤਾ ਸਬੂਤਾਂ ਦੇ ਆਧਾਰ ‘ਤੇ ਵਿਜੀਲੈਂਸ ਦੇ ਥਾਣਾ ਜਲੰਧਰ ਵਿਚ ਮੁਕੱਦਮਾ ਨੰਬਰ 14 ਤਰੀਕ 23.8.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਧਾਰਾ 7 ਏ ਤੇ ਆਈਪੀਸੀ ਦੀ ਧਾਰਾ 420, 120 ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰਾਜਸਥਾਨ : ਝੌਂਪੜੀ ਨੂੰ ਲੱਗੀ ਅੱਗੀ, 2 ਸਕੇ ਭਰਾ-ਭੈਣ ਸਣੇ 3 ਮਾਸੂਮਾਂ ਦੀ ਹੋਈ ਦਰਦਨਾਕ ਮੌਤ
ਮਾਮਲੇ ਵਿਚ ਕੁੱਲ 13 ਮੁਲਜਮ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜੋ ਕਿ ਜੇਲ੍ਹ ਵਿਚ ਬੰਦ ਹਨ ਜਿਨ੍ਹਾਂ ਵਿਚ ਨਰੇਸ਼ ਕਲੇਰ, ਰਾਮਪਾਲ ਉਰਫ ਰਾਧੇ, ਮੋਹਨ ਲਾਲ ਉਰਫ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ ਤੇ ਹਰਵਿੰਦਰ ਸਿੰਘ, ਪੰਕਜ ਢੀਂਗਰਾ ਉਰਫ ਭੋਲੂ, ਬ੍ਰਿਜਪਾਲ ਸਿੰਘ ਉਰਫ ਰਿੱਕੀ, ਅਰਵਿੰਦ ਕੁਮਾਰ ਉਰਫ ਬਿੰਦੂ, ਵਰਿੰਦਰ ਸਿੰਘ ਉਰਫ ਦੀਪੂ, ਸਪਨਾ, ਲਵਲੀਨ ਸਿੰਘ ਲਵੀ ਤੇ ਰਾਜੇਸ਼ ਸਹੋਤਾ ਸ਼ਾਮਲ ਹਨ। ਉੁਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤੇ ਬਾਕੀ ਭਗੌੜੇ ਮੁਲਾਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: