ਪੰਜਾਬ ਵਿਜੀਲੈਂਸ ਬਿਊਰੋ ਨੇ ਚੰਡੀਗੜ੍ਹ ਵਿੱਚ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਨਾਂ ‘ਤੇ 26 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਚਾਰਟਰਡ ਅਕਾਊਂਟੈਂਟ (CA) ਨੂੰ ਗ੍ਰਿਫ਼ਤਾਰ ਕੀਤਾ ਹੈ। CA ਦੀ ਪਛਾਣ ਲੁਧਿਆਣਾ ਦੇ ਅੰਕੁਸ਼ ਸਰੀਨ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਆਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ CA ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਲੁਧਿਆਣਾ ਵਿਜੀਲੈਂਸ ਦੇ SSP ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਮਲਸੀਆਂ ਦੇ ਪਰਮਿੰਦਰ ਸਿੰਘ ਸਿੱਧੂ ਨੇ ਸ਼ਿਕਾਇਤ ਦਿੱਤੀ ਸੀ ਕਿ CA ਅੰਕੁਸ਼ ਨੇ ਅਮਰੀਕਾ ਵਿੱਚ ਰਹਿੰਦੇ ਉਸ ਦੇ ਰਿਸ਼ਤੇਦਾਰ ਨੂੰ ਇਨਕਮ ਟੈਕਸ ਰਿਟਰਨ ਸਬੰਧੀ ਜਾਰੀ ਨੋਟਿਸ ਛੁਪਾਉਣ ਦੇ ਬਦਲੇ ਆਮਦਨ ਕਰ ਅਧਿਕਾਰੀਆਂ ਨੂੰ 26 ਲੱਖ ਦੀ ਠੱਗੀ ਮਾਰੀ ਹੈ। ਪਰਮਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ CA ਨੇ ਦੋ ਕਿਸ਼ਤਾਂ ਵਿੱਚ ਰਿਸ਼ਵਤ ਦੇ ਰਕਮ ਦੀ ਵਸੂਲੀ ਕੀਤੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ 15 ਜਨਵਰੀ ਨੂੰ ਉਹ CA ਦੇ ਘਰ ਗਿਆ ਅਤੇ 25 ਲੱਖ ਰੁਪਏ ਨਕਦ ਦਿੱਤੇ। ਇਸ ਦੀ ਵੀਡੀਓ ਵੀ ਬਣਾਈ ਗਈ। ਇਸ ਤੋਂ ਬਾਅਦ 26 ਜਨਵਰੀ ਨੂੰ CA ਅੰਕੁਸ਼ ਸਰੀਨ ਨੇ ਸ਼ਿਕਾਇਤਕਰਤਾ ਤੋਂ ਆਮਦਨ ਕਰ ਵਿਭਾਗ ਦੇ ਜੂਨੀਅਰ ਅਫਸਰਾਂ ਤੋਂ 1 ਲੱਖ ਰੁਪਏ ਹੋਰ ਲਏ। ਬੁਲਾਰੇ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਤੋਂ ਪੁੱਛਗਿੱਛ ਦੌਰਾਨ ਸ਼ਿਕਾਇਤਕਰਤਾ ਨੇ ਪਾਇਆ ਕਿ ਵਿਭਾਗ ਦਾ ਨੋਟਿਸ ਅਜੇ ਵੀ ਲਾਗੂ ਹੈ ਅਤੇ ਇਸਨੂੰ ਰੱਦ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਸਵਾਰੀਆਂ ਨਾਲ ਭਰੀ ਬੱਸ ਦੀ ਟਰੈਕਟਰ ਨਾਲ ਟੱਕਰ, ਹਾਦਸੇ ‘ਚ 12 ਲੋਕ ਜ਼ਖਮੀ
ਇਸ ਤਰ੍ਹਾਂ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਉਕਤ CA ਆਮਦਨ ਕਰ ਅਧਿਕਾਰੀਆਂ ਦੇ ਨਾਂ ‘ਤੇ ਉਸ ਨੂੰ ਭਾਰੀ ਜ਼ੁਰਮਾਨੇ ਦੀ ਧਮਕੀ ਦੇ ਕੇ ਰਿਸ਼ਵਤ ਇਕੱਠੀ ਕਰ ਰਿਹਾ ਸੀ, ਜਿਸ ਨੂੰ ਉਸ ਨੇ ਅੱਗੇ ਕਿਸੇ ਨੂੰ ਨਹੀਂ ਭੇਜਿਆ। ਸ਼ਿਕਾਇਤਕਰਤਾ ਨੇ CA ਨੂੰ ਉਸ ਦੇ ਪੈਸੇ ਵਾਪਸ ਕਰਨ ਲਈ ਕਿਹਾ ਕਿਉਂਕਿ ਉਸ ਦਾ ਕੰਮ ਨਹੀਂ ਹੋਇਆ ਸੀ। ਪਰ CA ਨੇ ਪੈਸੇ ਵਾਪਸ ਨਹੀਂ ਕੀਤੇ।
SSP ਸੰਧੂ ਨੇ ਦੱਸਿਆ ਕਿ ਲੁਧਿਆਣਾ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਇਸ ਸ਼ਿਕਾਇਤ ਵਿੱਚ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਅਤੇ ਭਾਰੀ ਜੁਰਮਾਨੇ ਦੀ ਧਮਕੀ ਦੇ ਕੇ ਰਿਸ਼ਵਤ ਦੀ ਰਕਮ ਹੜੱਪਣ ਵਾਲੇ ਕਥਿਤ ਦੋਸ਼ੀ ਦਾ ਪਤਾ ਲੱਗਣ ਤੋਂ ਬਾਅਦ ਵਿਜੀਲੈਂਸ ਬਿਓਰੋ ਲੁਧਿਆਣਾ ਨੇ ਉਕਤ CA ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: