ਵੀ. ਕੇ. ਭਾਵਰਾ ਪੰਜਾਬ ਦੇ ਨਵੇਂ ਡੀ. ਜੀ. ਪੀ. ਵਜੋਂ ਨਿਯੁਕਤ ਕੀਤੇ ਗਏ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਚੰਨੀ ਨੇ ਅੱਜ ਚੋਣ ਜ਼ਾਬਤਾ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਡੀਜੀਪੀ ਦੇ ਨਾਂ ‘ਤੇ ਮੋਹਰ ਲਗਾਈ। ਭਾਵਰਾ 2019 ਵਿਚ ਵੀ ਬਤੌਰ ADGP ਪੰਜਾਬ ਵਿਚ ਚੋਣਾਂ ਕਰਵਾ ਚੁੱਕੇ ਹਨ। ਉੁਨ੍ਹਾਂ ਦੀ ਅਗਵਾਈ ਵਿਚ ਪੰਜਾਬ ਪੁਲਿਸ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਸੁਰੱਖਿਆ ਵਿਵਸਥਾ ਸੰਭਾਲੇਗੀ।
ਕੇਂਦਰ ਨੂੰ ਭੇਜੇ ਪੈਨਲ ਵਿਚ ਤਿੰਨ ਨਾਂ ਵਾਪਸ ਆਏ ਸਨ। ਵਾਪਸ ਆਏ ਨਾਵਾਂ ਵਿਚ ਦਿਨਕਰ ਗੁਪਤਾ, ਵੀ. ਕੇ. ਭਾਵਰਾ ਤੇ ਪ੍ਰਬੋਧ ਕੁਮਾਰ ਦਾ ਨਾਂ ਸ਼ਾਮਲ ਸੀ। ਪੈਨਲ ਨੂੰ ਲੈ ਕੇ ਵੀਰਵਾਰ ਤੇ ਸ਼ੁੱਕਰਵਾਰ ਦਰਮਿਆਨ ਰਾਤ 1 ਵਜੇ ਤੱਕ ਮੁੱਖ ਮੰਤਰੀ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਸਕੱਤਰ ਅਨਿਰੁੱਧ ਤਿਵਾੜੀ ਤੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸੈਕ੍ਰੇਟਰੀ ਅਨੁਰਾਗ ਵਰਮਾ ਸਣੇ ਹੋਰਨਾਂ ਵਿਚ ਲੰਬੀ ਵਿਚਾਰ ਚਰਚਾ ਹੋਈ। ਦੇਰ ਰਾਤ ਤੱਕ ਵੀ ਫੈਸਲਾ ਨਾ ਹੋ ਸਕਣ ਕਾਰਨ ਫਾਈਲ ਉਤੇ ਮੁੱਖ ਮੰਤਰੀ ਦੇ ਹਸਤਾਖਰ ਦੀ ਰਸਮ ਪੂਰੀ ਨਹੀਂ ਹੋ ਸਕੀ ਸੀ ਪਰ ਹੁਣ ਮੁੱਖ ਮੰਤਰੀ ਚੰਨੀ ਨੇ ਵੀ. ਕੇ. ਭਰਵਾ ਦੇ ਨਾਂ ਉਤੇ ਮੋਹਰ ਲਗਾ ਦਿੱਤੀ ਹੈ।
ਦਿਨਕਰ ਗੁਪਤਾ ਗ੍ਰਹਿ ਵਿਭਾਗ ਨੂੰ ਪਹਿਲਾਂ ਹੀ ਲਿਖ ਚੁੱਕੇ ਹਨ ਕਿ ਉਹ ਡੀਜੀਪੀ ਬਣਨ ਦੇ ਇੱਛੁਕ ਨਹੀਂ ਹਨ। ਇਸ ਲਈ ਵੀਕੇ ਭਵਰਾ ਪਹਿਲਾਂ ਤੋਂ ਹੀ ਦੌੜ ਵਿਚ ਸਭ ਤੋਂ ਅੱਗੇ ਸਨ। ਪ੍ਰਬੋਧ ਕੁਮਾਰ ਬੇਅਦਬੀ ਕਾਂਡ ਵਿਚ ਜਾਂਚ ਵਿਚ ਸ਼ਾਮਲ ਹੋਣ ਤੇ ਇਸ ਉਤੇ ਕੋਈ ਕਾਰਵਾਈ ਨਾ ਕਰ ਸਕਣ ਕਾਰਨ ਸਰਕਾਰ ਦੇ ਪਸੰਦੀਦਾ ਅਫਸਰਾਂ ਦੀ ਸੂਚੀ ਤੋਂ ਪਹਿਲਾਂ ਹੀ ਬਾਹਰ ਸੀ।
ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਚੰਨੀ ਨਵੇਂ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਤੁਰੰਤ DGP ਦਿਨਕਰ ਗੁਪਤਾ ਨੂੰ ਨਹੀਂ ਹਟਾਇਆ। ਇਸ ਦੇ ਬਗੈਰ ਹੀ 30 ਸਤੰਬਰ ਨੂੰ ਪੰਜਾਬ ਦੀ ਚੰਨੀ ਸਰਕਾਰ ਨੇ UPSC ਨੂੰ 10 ਅਫਸਰਾਂ ਦੀ ਸੂਚੀ ਭੇਜੀ ਸੀ। ਉਦੋਂ ਦਿਨਕਰ ਗੁਪਤਾ ਛੁੱਟੀ ਉਤੇ ਸਨ। ਉਨ੍ਹਾਂ ਨੂੰ ਸਰਕਾਰ ਨੇ 5 ਅਕਤੂਬਰ ਨੂੰ ਹਟਾਇਆ। ਇਥੇ ਹੀ ਪੇਚ ਫਸਿਆ ਸੀ ਕਿਉਂਕਿ UPSC ਦਾ ਕਹਿਣਾ ਹੈ ਕਿ ਜਦੋਂ ਤੋਂ ਦਿਨਕਰ ਗੁਪਤਾ ਨੂੰ ਹਟਾਇਆ ਗਿਆ, ਉਦੋਂ ਤੋਂ ਡੀਜੀਪੀ ਅਹੁਦਾ ਖਾਲੀ ਮੰਨਿਆ ਜਾਵੇਗਾ। 5 ਅਕਤੂਬਰ ਨੂੰ ਨਾਂ ਭੇਜੇ ਜਾਣ ਦੀ ਵਜ੍ਹਾ ਨਾਲ ਚਟੋਪਿਧਾਇਆਏ 6 ਮਹੀਨੇ ਦਾ ਕਾਰਜਕਾਲ ਬਾਕੀ ਰਹਿਣ ਦੀ ਸ਼ਰਤ ਨੂੰ ਪੂਰਾ ਨਹੀਂ ਕਰ ਸਕੇ। ਉਹ 31 ਮਾਰਚ 2022 ਨੂੰ ਰਿਟਾਇਰ ਹੋ ਰਹੇ ਹਨ।
ਗੌਰਤਲਬ ਹੈ ਕਿ ਅੱਜ ਚੋਣ ਕਮਿਸ਼ਨ ਨੇ 3 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਹੈ, ਜਿਸ ਵਿਚ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।