Wife strangled in Ludhiana : ਲੁਧਿਆਣਾ ਵਿੱਚ ਹੋਲੀ ਵਾਲੇ ਦਿਨ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਸ਼ਰਾਬੀ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਆਪਣੇ ਇਕ ਸਾਲ ਦੇ ਬੇਟੇ ਨੂੰ ਨਾਲ ਲੈ ਕੇ ਫਰਾਰ ਹੋ ਗਿਆ। ਔਰਤ ਦੀ ਪਛਾਣ 21 ਸਾਲਾ ਲਕਸ਼ਮੀ ਵਜੋਂ ਹੋਈ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ।
ਮ੍ਰਿਤਕ ਦੀ ਦੋ ਸਾਲ ਪਹਿਲਾਂ ਮੁਲਜ਼ਮ ਨਾਲ ਲਵ ਮੈਰਿਜ ਹੋਈ ਸੀ। ਉਸ ਦਾ ਇਕ ਸਾਲ ਦਾ ਬੇਟਾ ਵੀ ਹੈ। ਦੋਸ਼ੀ ਇਕ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਮੂਲ ਤੌਰ ’ਤੇ ਉੱਤਰ ਪ੍ਰਦੇਸ਼ ਦੇ ਉਨਾਓ ਦਾ ਰਹਿਣ ਵਾਲਾ ਹੈ। ਉਹ ਸ਼ਰਾਬ ਪੀਣ ਦੇ ਆਦੀ ਸੀ। ਉਨ੍ਹਾਂ ਦਾ ਕਈ ਵਾਰ ਆਪਸ ਵਿੱਚ ਝਗੜਾ ਹੁੰਦਾ ਰਹਿੰਦਾ ਸੀ। ਪਿਛਲੇ ਦਿਨੀਂ ਉਸਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਨੇ ਦੋਵਾਂ ਵਿਚ ਸੁਲਹ ਕਰਵਾਈ ਸੀ।
ਪੁਲਿਸ ਮੁਤਾਬਕ ਦੋਸ਼ੀ ਪਤੀ ਨੇ ਸੋਮਵਾਰ ਨੂੰ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਵੀ ਕੀਤਾ, ਜਿਸ ਤੋਂ ਬਾਅਦ ਉਸਨੇ ਗੁੱਸੇ ਵਿੱਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਜਲਦੀ ਹੀ ਪੁਲਿਸ ਦੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।