ਬਠਿੰਡਾ ਜ਼ਿਲ੍ਹੇ ਦੇ ਪਿੰਡ ਸੀਰੀਆ ਵਿੱਚ ਇੱਕ ਵਿਆਹੁਤਾ ਨੇ ਆਪਣੇ ਨਾਜਾਇਜ਼ ਸੰਬੰਧਾਂ ਦੇ ਰਾਹ ਵਿੱਚ ਰੋੜਾ ਬਣ ਰਹੇ ਪਤੀ ਨੂੰ ਕਤਲ ਕਰ ਦਿੱਤਾ। ਔਰਤ ਨੇ ਪਹਿਲਾਂ ਆਪਣੇ ਪਤੀ ਨੂੰ ਸ਼ਰਾਬ ਪਿਆ ਕੇ ਬੇਹੋਸ਼ ਕਰ ਦਿੱਤਾ, ਫਿਰ ਆਪਣੇ ਪ੍ਰੇਮੀ ਅਤੇ ਉਸਦੇ ਇੱਕ ਹੋਰ ਸਾਥੀ ਨਾਲ ਮਿਲ ਕੇ ਤੇਜ਼ਧਾਰ ਹਥਿਆਰ ਨਾਲ ਗਲਾ ਰੇਤ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਜੁਰਮ ਕਰਨ ਤੋਂ ਬਾਅਦ ਦੋਸ਼ੀ ਔਰਤ ਅਤੇ ਉਸਦਾ ਕਥਿਤ ਪ੍ਰੇਮੀ ਅਤੇ ਉਸ ਦਾ ਦੋਸਤ ਮੌਕੇ ਤੋਂ ਫਰਾਰ ਹੋ ਗਏ। ਕਤਲ ਦੀ ਜਾਣਕਾਰੀ ਮਿਲਣ ਦੇ ਬਾਅਦ ਥਾਣਾ ਦਿਆਲਪੁਰਾ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਦੋਸ਼ੀ ਪਤਨੀ, ਉਸਦੇ ਪ੍ਰੇਮੀ ਸਣੇ ਤਿੰਨ ਲੋਕਾਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਇਸ ਮਾਮਲੇ ‘ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਥਾਣਾ ਦਿਆਲਪੁਰਾ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਭੋਲਾ ਸਿੰਘ ਨਿਵਾਸੀ ਪਿੰਡ ਸੀਰੀਆ ਵਾਲਾ ਨੇ ਦੱਸਿਆ ਕਿ ਉਸ ਦੇ ਲੜਕੇ ਸੇਵਕ ਸਿੰਘ ਦਾ ਵਿਆਹ ਮਨਦੀਪ ਕੌਰ ਨਿਵਾਸੀ ਪਿੰਡ ਭੋਡੀਪੁਰਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਨੂੰਹ ਪਿੰਡ ਦੇ ਵਸਨੀਕ ਦਿਲਰਾਜ ਸਿੰਘ ਨਾਲ ਨਾਜਾਇਜ਼ ਸੰਬੰਧ ਬਣ ਗਏ। ਜਿਸ ਦਾ ਉਸਦੇ ਪੁੱਤਰ ਨੂੰ ਪਤਾ ਲੱਗ ਗਿਆ, ਜਿਸ ਕਾਰਨ ਉਸਦੇ ਬੇਟੇ ਸੇਵਕ ਸਿੰਘ ਅਤੇ ਦੋਸ਼ੀ ਦਿਲਰਾਜ ਸਿੰਘ ਵਿਚਕਾਰ ਲੜਾਈ ਵੀ ਹੋਈ। ਦਿਲਰਾਜ ਨੇ ਉਸ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਨੂੰਹ ਸਬਜ਼ੀ ਵਿੱਚ ਨਸ਼ੀਲੀਆਂ ਗੋਲੀਆਂ ਮਿਲਾਉਂਦੀ ਸੀ ਅਤੇ ਪਰਿਵਾਰ ਨੂੰ ਦਿੰਦੀ ਸੀ ਅਤੇ ਰਾਤ ਨੂੰ ਆਪਣੇ ਪ੍ਰੇਮੀ ਨੂੰ ਘਰ ਬੁਲਾਉਂਦੀ ਸੀ। ਭੋਲਾ ਸਿੰਘ ਨੇ ਦੱਸਿਆ ਕਿ ਬੀਤੇ ਵੀਰਵਾਰ ਦੀ ਰਾਤ ਮਨਦੀਪ ਕੌਰ ਨੇ ਸਾਰੇ ਪਰਿਵਾਰ ਨੂੰ ਨਸ਼ੇ ਦੀਆਂ ਗੋਲੀਆਂ ਸਬਜ਼ੀ ਵਿੱਚ ਮਿਲਾ ਕੇ ਦਿੱਤੀਆਂ ਅਤੇ ਉਸ ਪੁੱਤਰ ਨੂੰ ਸ਼ਰਾਬ ਪੀਣ ਲਈ ਦਿੱਤੀ, ਜਦਕਿ ਉਸ ਦਿਨ ਭੋਲਾ ਸਿੰਘ ਨੇ ਘਰ ਵਿਚ ਰੋਟੀ ਨਹੀਂ ਖਾਂਦੀ ਸੀ।
ਇਸ ਕਾਰਨ ਉਸ ਨੂੰ ਨਸ਼ਾ ਨਹੀਂ ਹੋਇਆ। ਜਦੋਂ ਉਸਨੇ ਰਾਤ ਦੇ ਦੋ ਵਜੇ ਖੜਾਕਾ ਸੁਣਿਆ ਤਾਂ ਉਸ ਦੀ ਅੱਖ ਖੁੱਲ੍ਹ ਗਈ। ਉਸਨੇ ਵੇਖਿਆ ਕਿ ਦੋਸ਼ੀ ਦਿਲਰਾਜ ਸਿੰਘ ਅਤੇ ਉਸਦਾ ਇੱਕ ਸਾਥੀ ਯੋਧਾ ਸਿੰਘ ਅਤੇ ਉਸ ਦੀ ਨੂੰਹ ਮਨਦੀਪ ਕੌਰ ਨੇ ਸੇਵਕ ਸਿੰਘ ਨੂੰ ਜ਼ਮੀਨ ‘ਤੇ ਸੁੱਟਿਆ ਹੋਇਆ ਸੀ ਅਤੇ ਉਸ ਦੇ ਗਲੇ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਰਹੇ ਸਨ। ਉਸ ਦੇ ਸਹੁਰੇ ਨੇ ਜਦੋਂ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਪ੍ਰਵਾਨ ਚੜ੍ਹੇਗਾ ਸਰਹੱਦ ਪਾਰ ਦਾ ਪਿਆਰ- ਪਾਕਿਸਤਾਨੀ ਕੁੜੀ ਕਰਵਾਏਗੀ ਪੰਜਾਬੀ ਮੁੰਡੇ ਨਾਲ ਵਿਆਹ, ਭਾਰਤ ਸਰਕਾਰ ਨੇ ਦਿੱਤੀ ਇਜਾਜ਼ਤ
ਜ਼ਿਆਦਾ ਖੂਨ ਵਗਣ ਕਰਕੇ ਉਸ ਦੇ ਬੇਟੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਦਿਆਲਪੁਰਾ ਦੇ ਪ੍ਰਿੰਸੀਪਲ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਭੋਲਾ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਦਿਲਰਾਜ ਸਿੰਘ, ਯੋਧਾ ਸਿੰਘ ਅਤੇ ਮਨਦੀਪ ਕੌਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।