ਪਾਕਿਸਤਾਨ ‘ਚ ਸਰਕਾਰ ਨੇ ਇਸ ਵਿਰੁੱਧ ਉੱਠੀ ਹਰ ਆਵਾਜ਼ ਨੂੰ ਦਬਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਮਰਾਨ ਖਾਨ ਦੀ ਪਾਰਟੀ ਪੀਟੀਆਈ (ਪਾਕਿਸਤਾਨ ਤਹਿਰੀਕ-ਏ-ਇਨਸਾਫ) ਦੇ ਵੱਡੇ ਨੇਤਾਵਾਂ ਅਤੇ ਵਰਕਰਾਂ ਨੂੰ ਲਗਾਤਾਰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਹੈ। ਪਾਕਿਸਤਾਨ ਦੀ ਮਸ਼ਹੂਰ ਵਕੀਲ ਅਤੇ ਅਦਾਕਾਰਾ ਮਨਸ਼ਾ ਪਾਸ਼ਾ ਦੇ ਪਤੀ ਜਿਬਰਾਨ ਨਸੀਰ ਨੂੰ ਸੜਕ ਦੇ ਵਿਚਕਾਰੋਂ ਅਗਵਾ ਕਰ ਲਿਆ ਗਿਆ ਹੈ।
ਮਨਸ਼ਾ ਪਾਸ਼ਾ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਉਹ ਦੋਵੇਂ ਬੀਤੀ ਰਾਤ ਘਰ ਪਰਤ ਰਹੇ ਸਨ। ਉਦੋਂ ਕਰੀਬ 15 ਅਣਪਛਾਤੇ ਵਿਅਕਤੀਆਂ ਨੇ ਹੱਥਾਂ ਵਿੱਚ ਪਿਸਤੌਲ ਲੈ ਕੇ ਉਸ ਦੇ ਪਤੀ ਨੂੰ ਅਗਵਾ ਕਰ ਲਿਆ। ਉਹ ਜਿਬਰਾਨ ਨੂੰ ਜ਼ਬਰਦਸਤੀ ਕਾਰ ਤੋਂ ਉਤਾਰ ਕੇ ਆਪਣੇ ਨਾਲ ਲੈ ਗਏ। ਪਾਸ਼ਾ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਪੁਲਿਸ ਉਸਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਨਹੀਂ ਕਰ ਰਹੀ ਸੀ। ਪਰ ਵਿਵਾਦ ਵਧਣ ਤੋਂ ਬਾਅਦ ਐੱਫ.ਆਈ.ਆਰ. ਦਰਜ ਕੀਤੀ ਗਈ।
ਪਾਕਿਸਤਾਨੀ ਅਦਾਕਾਰਾ ਮਨਸ਼ਾ ਪਾਸ਼ਾ ਨੇ ਦੱਸਿਆ ਕਿ ਉਹ ਦੋਵੇਂ 1 ਜੂਨ ਨੂੰ ਰਾਤ ਕਰੀਬ 11 ਵਜੇ ਕਰਾਚੀ ‘ਚ ਡਿਨਰ ਤੋਂ ਵਾਪਸ ਆ ਰਹੇ ਸਨ। ਉਦੋਂ ਹੀ ਇੱਕ ਚਿੱਟੇ ਰੰਗ ਦੀ ਟੋਇਟਾ ਕਾਰ ਨੇ ਖੱਬੇ ਪਾਸੇ ਤੋਂ ਸਾਨੂੰ ਟੱਕਰ ਮਾਰ ਦਿੱਤੀ ਅਤੇ ਸਾਨੂੰ ਰੁਕਣ ਲਈ ਮਜਬੂਰ ਕਰ ਦਿੱਤਾ। ਇਸੇ ਦੌਰਾਨ ਪਿੱਛੇ ਤੋਂ ਇੱਕ ਸਿਲਵਰ ਰੰਗ ਦੀ ਕੋਰੋਲਾ ਆਈ। ਸਾਨੂੰ ਘੇਰ ਲਿਆ ਗਿਆ। ਫਿਰ ਸਾਦੇ ਕੱਪੜਿਆਂ ਵਿਚ 15 ਦੇ ਕਰੀਬ ਵਿਅਕਤੀ ਦੋਵੇਂ ਕਾਰਾਂ ਤੋਂ ਹੇਠਾਂ ਉਤਰੇ, ਜਿਨ੍ਹਾਂ ਦੇ ਹੱਥਾਂ ਵਿਚ ਹਥਿਆਰ ਸਨ। ਉਨ੍ਹਾਂ ਨੇ ਬੰਦੂਕ ਦੀ ਨੋਕ ‘ਤੇ ਉਸ ਦੇ ਪਤੀ ਨੂੰ ਕਾਰ ‘ਚੋਂ ਬਾਹਰ ਕੱਢਿਆ। ਫਿਰ ਉਹ ਜਿਬਰਾਨ ਨਸੀਰ ਨੂੰ ਕਿਸੇ ਅਣਜਾਣ ਥਾਂ ‘ਤੇ ਲੈ ਗਏ।
ਜਿਬਰਾਨ ਨਸੀਰ ਲੰਬੇ ਸਮੇਂ ਤੋਂ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਉਹ ਸਾਲ 2018 ਵਿੱਚ ਆਜ਼ਾਦ ਚੋਣ ਵੀ ਲੜ ਚੁੱਕੇ ਹਨ। ਉਹ ਪਾਕਿਸਤਾਨ ਵਿਚ ਆਮ ਲੋਕਾਂ ‘ਤੇ ਹੋ ਰਹੇ ਤਸ਼ੱਦਦ ਵਿਰੁੱਧ ਲੜਦਾ ਰਿਹਾ ਹੈ। ਜਿਬਰਾਨ ਨੇ ਇਮਰਾਨ ਖਾਨ ਦੀ ਪਾਰਟੀ ਦੇ ਨੇਤਾਵਾਂ ਨੂੰ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਖਿਲਾਫ ਆਰਮੀ ਐਕਟ ਦੇ ਤਹਿਤ ਕੇਸ ਚਲਾਏ ਜਾ ਰਹੇ ਹਨ, ਉਸ ਦੇ ਖਿਲਾਫ ਵੀ ਆਵਾਜ਼ ਉਠਾਈ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਤਰ੍ਹਾਂ ਅਗਵਾ ਦੀ ਆਲੋਚਨਾ ਕੀਤੀ ਹੈ।
ਇਹ ਵੀ ਪੜ੍ਹੋ : ਓਡਿਸ਼ਾ ਟ੍ਰੇਨ ਹਾਦਸੇ ‘ਚ 50 ਤੋਂ ਵੱਧ ਮੌਤਾਂ, 350 ਯਾਤਰੀ ਜ਼ਖਮੀ, ਰੇਲ ਮੰਤਰੀ ਵੱਲੋਂ ਮੁਆਵਜ਼ੇ ਦਾ ਐਲਾਨ
ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਟਵੀਟ ਕਰਕੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਕਾਮਨਾ ਕੀਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪਾਕਿਸਤਾਨ ਦੀ ਸਾਬਕਾ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜ਼ਾਰੀ ਦੀ ਧੀ ਨੇ ਵੀ ਟਵੀਟ ਕੀਤਾ ਕਿ ਇਹ ਬਿਲਕੁਲ ਪਾਗਲਪਨ ਹੈ, ਇਸ ਲਈ ਕੋਈ ਸ਼ਬਦ ਨਹੀਂ ਹਨ।
ਇਸ ਪੂਰੀ ਘਟਨਾ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਹੱਥ ਦੱਸਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਅਗਵਾ ਕੀਤੀ ਗਈ ਹੈ, ਉਹ ਤਰੀਕਾ ਆਈ.ਐਸ.ਆਈ. ਦਾ ਹੀ ਹੈ। ਉਹ ਇਸ ਤਰ੍ਹਾਂ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰ ਦਿੰਦੀ ਹੈ। ਹਾਲਾਂਕਿ ਉਸ ਦਾ ਨਾਂ ਕਦੇ ਨਹੀਂ ਆਉਂਦਾ। ਜਿਬਰਾਨ ਨਸੀਰ ਦੀ ਪਤਨੀ ਨੇ ਦੱਸਿਆ ਕਿ ਪਹਿਲਾਂ ਤਾਂ ਪੁਲਿਸ ਸ਼ਿਕਾਇਤ ਦਰਜ ਨਹੀਂ ਕਰ ਰਹੀ ਸੀ ਪਰ ਵਿਵਾਦ ਵਧਣ ਤੋਂ ਬਾਅਦ ਥਾਣਾ ਸਿਟੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: