ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਪੰਜਾਬ ਅਤੇ ਹੋਰ ਰਾਜਾਂ ਤੋਂ ਪਤਵੰਤੇ ਅਤੇ ਆਗੂ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਉਨ੍ਹਾਂ ਦੇ ਘਰ ਦੁੱਖ ਪ੍ਰਗਟ ਕਰਨ ਲਈ ਪਹੁੰਚ ਰਹੇ ਹਨ। ਸ਼ਨੀਵਾਰ ਨੂੰ ਯੂਪੀ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ, ਕਾਂਗਰਸ ਦੇ ਸਾਬਕਾ ਸੰਸਦ ਅਤੇ ਮਸ਼ਹੂਰ ਉਦਯੋਗਪਤੀ ਨਵੀਨ ਜਿੰਦਲ ਅਤੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਮੁਖੀ ਮਨਜਿੰਦਰ ਸਿੰਘ ਬਿੱਟਾ ਦੁੱਖ ਪ੍ਰਗਟ ਕਰਨ ਲਈ ਪਹੁੰਚੇ।
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ 95 ਸਾਲਾ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ। ਦੇਸ਼ ਦੇ ਵੱਡੇ ਨੇਤਾ ਸਾਬਕਾ ਸੀ.ਐੱਮ. ਬਾਦਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਦੇਸ਼ ਭਰ ਤੋਂ ਪਿੰਡ ਬਾਦਲ ਪਹੁੰਚ ਰਹੇ ਹਨ।
ਬਾਦਲ ਪਰਿਵਾਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਪ੍ਰਵਾਹ ਕੀਤਾ ਜਾਵੇਗਾ ਪਰ ਅਜੇ ਸਮਾਂ ਤੈਅ ਨਹੀਂ ਹੋਇਆ ਹੈ। ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 4 ਮਈ ਨੂੰ ਪਿੰਡ ਬਾਦਲ ਵਿੱਚ ਹੀ ਹੋਵੇਗਾ।
ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਸ਼ਨੀਵਾਰ ਨੂੰ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਸਿੰਘ ਯਾਦਵ ਸਣੇ ਕਈ ਪ੍ਰਮੁੱਖ ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਪਿੰਡ ਬਾਦਲ ਪਹੁੰਚੀਆਂ ਅਤੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵੰਡਾਇਆ।
ਇਨ੍ਹਾਂ ਵਿੱਚ ਅਖਿਲੇਸ਼ ਯਾਦਵ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਉਦਯੋਗਪਤੀ ਨਵੀਨ ਜਿੰਦਲ ਅਤੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਮੁਖੀ ਮਨਜਿੰਦਰ ਸਿੰਘ ਬਿੱਟਾ ਸ਼ਾਮਲ ਸਨ।
ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਬ੍ਰਹਮ ਮਹਿੰਦਰਾ ਅਤੇ ਹੋਰ ਧਾਰਮਿਕ ਸ਼ਖਸੀਅਤਾਂ, ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ, ਬਾਬਾ ਬੁੱਢਾ ਸਿੰਘ ਨਿੱਕੇ ਘੁੰਮਣ ਵਾਲੇ, ਬਾਬਾ ਜਗਜੀਤ ਸਿੰਘ ਲੋਪੋਵਾਲ, ਬਾਬਾ ਕੁਲਵੰਤ ਸਿੰਘ ਸਮਾਧਭਾਈ ਅਤੇ ਬਾਬਾ ਸੁਖਵਿੰਦਰ ਸਿੰਘ ਪਿੰਡ ਪੁੱਜੇ ਅਤੇ ਸ. ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਸੁਖਬੀਰ ਤੇ ਹਰਸਿਮਰਤ ਬਾਦਲ ਨਾਲ ਮੁਲਾਕਾਤ ਕੀਤੀ।
ਇਨ੍ਹਾਂ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ ਅਤੇ ਗੀਤਕਾਰ ਬਾਊ ਸਿੰਘ ਮਾਨ ਮਰਾੜਵਾਲਾ ਨੇ ਵੀ ਪਿੰਡ ਬਾਦਲ ਪਹੁੰਚ ਕੇ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : ਫੌਜ ‘ਚ ਪਹਿਲੀ ਵਾਰ ਆਰਟਿਲਰੀ ਰੈਜੀਮੈਂਟ ‘ਚ ਮਹਿਲਾ ਅਫ਼ਸਰ ਸ਼ਾਮਲ, ਚਲਾਉਣਗੀਆਂ ਤੋਪ ਤੇ ਰਾਕੇਟ
ਵੀਡੀਓ ਲਈ ਕਲਿੱਕ ਕਰੋ -: