ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਵੱਡਾ ਬਿਆਨ ਦਿੱਤਾ ਹੈ। ਅਖਿਲੇਸ਼ ਯਾਦਵ ਪਾਰਟੀ ਦੇ ਪ੍ਰਚਾਰ ਲਈ ਯੂਪੀ ਦੇ ਬਰੇਲੀ ਪਹੁੰਚੇ ਸਨ। ਉੱਥੇ ਉਨ੍ਹਾਂ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਸਮਾਜਵਾਦੀ ਪਾਰਟੀ (ਸਪਾ) ਨੂੰ ਵੋਟ ਨਹੀਂ ਪਾਉਣੀ ਚਾਹੀਦੀ।
ਸਪਾ ਸੁਪਰੀਮੋ ਅਖਿਲੇਸ਼ ਯਾਦਵ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਸਪਾ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਪਹਿਲੇ ਪੜਾਅ ਦੀਆਂ ਵੋਟਾਂ ਤੋਂ ਬਾਅਦ ਨਤੀਜਾ 10 ਮਾਰਚ ਨੂੰ ਨਹੀਂ ਸਗੋਂ 10 ਫਰਵਰੀ ਨੂੰ ਆਇਆ ਹੈ। ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਕਿਸਾਨਾਂ, ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਡਬਲ ਇੰਜਣ ਵਾਲੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਦੁੱਗਣਾ ਕਰਨ ਦਾ ਕੰਮ ਕੀਤਾ ਹੈ।
ਚੋਣ ਕਮਿਸ਼ਨ ਮੁਤਾਬਕ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ‘ਚ ਵੀਰਵਾਰ ਨੂੰ 60.17 ਫੀਸਦੀ ਵੋਟਿੰਗ ਹੋਈ। ਜਿਨ੍ਹਾਂ 11 ਜ਼ਿਲ੍ਹਿਆਂ ਵਿਚ ਵੋਟਾਂ ਪਈਆਂ, ਉਨ੍ਹਾਂ ਵਿਚੋਂ ਆਗਰਾ ਵਿਚ 60.23 ਫੀਸਦੀ, ਅਲੀਗੜ੍ਹ ਵਿਚ 60.49 ਫੀਸਦੀ, ਬਾਗਪਤ ਵਿਚ 61.25 ਫੀਸਦੀ, ਬੁਲੰਦਸ਼ਹਿਰ ਵਿਚ 60.57 ਫੀਸਦੀ, ਗੌਤਮ ਬੁੱਧ ਨਗਰ ਵਿਚ 54.38 ਫੀਸਦੀ, ਗਾਜ਼ੀਆਬਾਦ ਵਿਚ 52.43 ਫੀਸਦੀ ਅਤੇ ਹਾਪੁੜ ਵਿਚ 60.53 ਫੀਸਦੀ ਵੋਟਾਂ ਪਈਆਂ। ਚੋਣ ਕਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ ਮਥੁਰਾ ਵਿੱਚ 62.90 ਫੀਸਦੀ, ਮੇਰਠ ਵਿੱਚ 60 ਫੀਸਦੀ, ਮੁਜ਼ੱਫਰਨਗਰ ਵਿੱਚ 65.32 ਫੀਸਦੀ ਅਤੇ ਸ਼ਾਮਲੀ ਵਿੱਚ 66.14 ਫੀਸਦੀ ਵੋਟਾਂ ਪਈਆਂ ਹਨ। ਯੂਪੀ ਵਿਧਾਨ ਸਭਾ ਦੀਆਂ 403 ਸੀਟਾਂ ਵਿੱਚੋਂ ਸੱਤ ਗੇੜ ਦੀਆਂ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੀਰਵਾਰ ਨੂੰ 58 ਸੀਟਾਂ ਲਈ ਵੋਟਿੰਗ ਹੋਈ। ਚੋਣ ਮੈਦਾਨ ਵਿੱਚ 634 ਉਮੀਦਵਾਰ ਹਨ, ਜਿਨ੍ਹਾਂ ਵਿੱਚੋਂ 73 ਔਰਤਾਂ ਹਨ। ਦੂਜੇ ਪੜਾਅ ਲਈ 14 ਫਰਵਰੀ ਨੂੰ ਵੋਟਿੰਗ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: