ਉੱਤਰ ਪ੍ਰਦੇਸ਼ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸ ਦੇ ਤਹਿਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 12 ਨਵੰਬਰ ਨੂੰ ਦੋ ਦਿਨਾਂ ਦੇ ਯੂ.ਪੀ. ਦੌਰੇ ‘ਤੇ ਜਾਣਗੇ। ਅਮਿਤ ਸ਼ਾਹ ਯੂਪੀ ਦੀਆਂ 403 ਸੀਟਾਂ ਦੇ ਇੰਚਾਰਜਾਂ ਨਾਲ ਮੀਟਿੰਗ ਕਰਨਗੇ ਅਤੇ ਜਿੱਤ ਦਾ ਮੰਤਰ ਦੇਣਗੇ। ਅਮਿਤ ਸ਼ਾਹ 12 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਖੇਤਰ ਵਾਰਾਣਸੀ ਪਹੁੰਚਣਗੇ ਅਤੇ ਚੋਣ ਸਮੀਖਿਆ ਬੈਠਕ ਕਰਨਗੇ। ਅਮਿਤ ਸ਼ਾਹ ਯੂਪੀ ਦੀਆਂ 403 ਸੀਟਾਂ ਦੇ ਇੰਚਾਰਜਾਂ, ਭਾਜਪਾ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਜ਼ਿਲ੍ਹਾ ਇੰਚਾਰਜਾਂ ਨਾਲ ਮੀਟਿੰਗ ਕਰਨਗੇ। ਇਸ ਦੇ ਨਾਲ ਹੀ 2022 ਵਿੱਚ ਹੋਣ ਵਾਲੀਆਂ ਯੂਪੀ ਵਿਧਾਨ ਸਭਾ ਚੋਣਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਵਾਰਾਣਸੀ ਵਿੱਚ ਇਹ ਮੀਟਿੰਗ 12 ਨਵੰਬਰ ਦੀ ਦੇਰ ਰਾਤ ਤੱਕ ਚੱਲੇਗੀ। ਇਸ ਤੋਂ ਇਲਾਵਾ ਕਾਸ਼ੀ ਖੇਤਰ ਦੀ ਵੱਖਰੀ ਮੀਟਿੰਗ ਵੀ ਹੋਵੇਗੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 13 ਨਵੰਬਰ ਨੂੰ ਆਜ਼ਮਗੜ੍ਹ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਆਜ਼ਮਗੜ੍ਹ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ਸੰਸਦੀ ਹਲਕਾ ਹੈ ਅਤੇ ਇਸ ਨੂੰ ਸਪਾ ਦਾ ਗੜ੍ਹ ਮੰਨਿਆ ਜਾਂਦਾ ਹੈ। 2019 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੇ ਅਖਿਲੇਸ਼ ਦੇ ਖਿਲਾਫ ਭੋਜਪੁਰੀ ਸਟਾਰ ਦਿਨੇਸ਼ ਲਾਲ ਯਾਦਵ ਨਿਰਹੁਆ ਨੂੰ ਮੈਦਾਨ ‘ਚ ਉਤਾਰਿਆ ਸੀ।
2017 ਦੀਆਂ ਚੋਣਾਂ ‘ਚ ਭਾਜਪਾ ਨੇ 384 ਸੀਟਾਂ ‘ਤੇ ਚੋਣ ਲੜੀ ਸੀ ਅਤੇ 39.67 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਭਾਜਪਾ ਨੇ 312 ਸੀਟਾਂ ਜਿੱਤ ਕੇ ਜ਼ਬਰਦਸਤ ਬਹੁਮਤ ਹਾਸਲ ਕੀਤਾ ਸੀ। ਬਹੁਜਨ ਸਮਾਜ ਪਾਰਟੀ (ਬਸਪਾ) ਨੇ 403 ਸੀਟਾਂ ‘ਤੇ ਚੋਣ ਲੜੀ ਸੀ, ਪਰ ਉਸ ਨੂੰ ਸਿਰਫ਼ 19 ਸੀਟਾਂ ਅਤੇ 22.23 ਫੀਸਦੀ ਵੋਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਮਿਲ ਕੇ ਚੋਣਾਂ ਲੜੀਆਂ ਸਨ। ਸਮਾਜਵਾਦੀ ਪਾਰਟੀ ਨੇ ਕਾਂਗਰਸ ਨਾਲ ਸਮਝੌਤਾ ਕਰਕੇ 311 ਸੀਟਾਂ ‘ਤੇ ਚੋਣ ਲੜੀ, ਜਦਕਿ ਸਹਿਯੋਗੀ ਕਾਂਗਰਸ ਨੇ 114 ਸੀਟਾਂ ‘ਤੇ ਆਪਣੀ ਕਿਸਮਤ ਅਜ਼ਮਾਈ। ਚੋਣਾਂ ‘ਚ ਸਪਾ ਨੂੰ ਸਿਰਫ 47 ਸੀਟਾਂ ਮਿਲੀਆਂ ਅਤੇ 21.82 ਫੀਸਦੀ ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਕਾਂਗਰਸ ਸਿਰਫ਼ 7 ਸੀਟਾਂ ਹੀ ਜਿੱਤ ਸਕੀ ਅਤੇ ਉਸ ਨੂੰ 6.25 ਫੀਸਦੀ ਵੋਟਾਂ ਮਿਲੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: