ਦਿੱਲੀ ਪੁਲਿਸ ਨੇ ਇੱਕ ਮੈਡੀਕਲ ਕਾਲਜ ਵਿੱਚ ਪੀਜੀ ਸੀਟਾਂ ਦਿਵਾਉਣ ਦੇ ਬਹਾਨੇ ਇੱਕ ਦਰਜਨ ਤੋਂ ਵੱਧ ਮਹਿਲਾ ਡਾਕਟਰਾਂ ਨੂੰ ਠੱਗਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ 21 ਦਸੰਬਰ 2020 ਨੂੰ ਇੱਕ ਮਹਿਲਾ ਡਾਕਟਰ ਨੇ ਹੌਜ਼ ਖਾਸ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਮੁਲਜ਼ਮ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਆਪਣੀ ਪਛਾਣ ਛੁਪਾ ਕੇ ਮਹਿਲਾ ਡਾਕਟਰਾਂ ਨੂੰ ਨਿਸ਼ਾਨਾ ਬਣਾਇਆ।
ਮੁਲਜ਼ਮ ਮਹਿਲਾ ਡਾਕਟਰਾਂ ਨੂੰ ਏਮਜ਼ ਵਿੱਚ ਪੀਜੀ ਸੀਟਾਂ ਦਿਵਾਉਣ ਦੇ ਬਹਾਨੇ ਡਾਕਟਰਾਂ ਦੇ ਨਾਂ ’ਤੇ ਫਰਜ਼ੀ ਫੇਸਬੁੱਕ ਪ੍ਰੋਫਾਈਲ ਬਣਾ ਕੇ ਉਨ੍ਹਾਂ ਨਾਲ ਠੱਗੀ ਮਾਰਦਾ ਸੀ। ਦਿੱਲੀ ਪੁਲਿਸ ਮੁਤਾਬਕ 32 ਸਾਲਾ ਦੋਸ਼ੀ ਨੇ ਡਾਕਟਰ ਬਣ ਕੇ ਕਈ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਣਾਏ ਸਨ। ਉਸ ਨੇ ਮਹਿਲਾ ਡਾਕਟਰਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਪੀਜੀ ਸੀਟਾਂ ਦਿਵਾਉਣ ਦਾ ਵਾਅਦਾ ਕਰਕੇ ਕਥਿਤ ਤੌਰ ’ਤੇ ਧੋਖਾਧੜੀ ਕੀਤੀ।
ਮੁਲਜ਼ਮ ਸ਼ਾਹਦੁਜ਼ਮਾਨ ਮੁਜ਼ੱਫਰਨਗਰ ਦੇ ਕੁਟੇਸਰਾ ਪਿੰਡ ਦਾ ਰਹਿਣ ਵਾਲਾ ਹੈ। ਮਹਿਲਾ ਡਾਕਟਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਮੁਲਜ਼ਮ ਉਸ ਨੂੰ ਫੇਸਬੁੱਕ ਰਾਹੀਂ ਮਿਲਿਆ ਸੀ ਅਤੇ ਉਸ ਨੇ ਆਪਣਾ ਨਾਂ ਡਾਕਟਰ ਅੰਸ਼ੂ ਵਿਨੈ ਦੱਸਿਆ ਸੀ। ਮਹਿਲਾ ਡਾਕਟਰ ਦਾ ਦੋਸ਼ ਹੈ ਕਿ ਉਸ ਨੇ ਏਮਜ਼ ਦਾ ਡਾਕਟਰ ਹੋਣ ਦਾ ਬਹਾਨਾ ਲਗਾ ਕੇ ਪੀਜੀ ਸੀਟ ਦਿਵਾਉਣ ਦੇ ਬਹਾਨੇ 6 ਲੱਖ ਰੁਪਏ ਠੱਗ ਲਏ। ਇਸ ਤੋਂ ਬਾਅਦ ਜਦੋਂ ਮੁਲਜ਼ਮ ਨੇ ਆਪਣਾ ਫ਼ੋਨ ਸਵਿੱਚ ਆਫ਼ ਕੀਤਾ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਨਾਲ ਠੱਗੀ ਹੋ ਗਈ ਹੈ।
ਪੁਲੀਸ ਨੇ ਇੱਕ ਸਾਲ ਤੱਕ ਮੁਲਜ਼ਮ ਦਾ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਦਿੱਲੀ ਦੇ ਸਾਕੇਤ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਉਸ ਸਮੇਂ ਵੀ ਇੱਕ ਮਹਿਲਾ ਡਾਕਟਰ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲੀਸ ਅਨੁਸਾਰ ਮੁਲਜ਼ਮ 12ਵੀਂ ਫੇਲ੍ਹ ਹੈ ਅਤੇ 2015 ਤੋਂ ਲੋਕਾਂ ਨੂੰ ਠੱਗ ਰਿਹਾ ਸੀ। ਇਸ ਤੋਂ ਪਹਿਲਾਂ 2010 ਵਿੱਚ ਉਹ ਗੁਰੂਗ੍ਰਾਮ ਵਿੱਚ ਇੱਕ ਕਾਲ ਸੈਂਟਰ ਵਿੱਚ ਕੰਮ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -: