ਛੱਤੀਸਗੜ੍ਹ ਦੇ ਸੁਕਮਾ ਵਿੱਚ ਐਤਵਾਰ ਦੇਰ ਰਾਤ ਸੀ.ਆਰ.ਪੀ.ਐੱਫ. ਜਵਾਨ ਨੇ ਏਕੇ-47 ਨਾਲ ਆਪਣੇ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ ਦੋਸ਼ੀ ਜਵਾਨ ਰਿਤੇਸ਼ ਮਾਨਸਿਕ ਤੌਰ ‘ਤੇ ਬਿਮਾਰ ਸੀ। ਸੀ. ਆਰ. ਪੀ. ਐੱਫ. ਦੇ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਰਿਤੇਸ਼ ਮਾਨਸਿਕ ਰੋਗੀ ਹੈ। ਇਸ ਕਾਰਨ ਉਸ ਕੋਲੋਂ ਹਥਿਆਰ ਵੀ ਵਾਪਸ ਲੈ ਲਿਆ ਗਿਆ ਸੀ ਪਰ ਰਿਤੇਸ਼ ਨੇ ਦੂਜੇ ਜਵਾਨ ਦਾ ਹਥਿਆਰ ਚੁੱਕ ਕੇ ਫਾਇਰਿੰਗ ਕਰ ਦਿੱਤੀ।
ਸੀ. ਆਰ. ਪੀ. ਐੱਫ. ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਆਪਰੇਸ਼ਨ ਖੇਤਰ ਵਿੱਚ ਹਰ ਜਵਾਨ ਹਰ ਸਮੇਂ ਆਪਣੇ ਕੋਲ ਹਥਿਆਰ ਰੱਖਦਾ ਹੈ। ਕੇਵਲ ਅਜਿਹੇ ਸਾਈਕੋ ਨੂੰ ਹਥਿਆਰ ਨਹੀਂ ਦਿੱਤੇ ਜਾਂਦੇ। ਬੀਤੀ ਰਾਤ ਸਿਰਫਿਰੇ ਜਵਾਨ ਦੀ ਕਿਸੇ ਨਾਲ ਬਹਿਸ ਹੋਈ ਸੀ, ਜਿਸ ਤੋਂ ਬਾਅਦ ਹੀ ਉਸ ਨੇ ਕਿਸੇ ਹੋਰ ਦੇ ਹਥਿਆਰ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸੀ. ਆਰ. ਪੀ. ਐੱਫ. ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਜਵਾਨ ਨੂੰ ਮੁੜ ਵਸੇਬਾ ਕੇਂਦਰ ਵਿੱਚ ਭੇਜਣਾ ਹੀ ਇੱਕੋ ਇੱਕ ਹੱਲ ਹੋ ਸਕਦਾ ਹੈ। ਜਦੋਂ ਤੱਕ ਉਸਨੂੰ ਉੱਥੇ ਨਹੀਂ ਭੇਜਿਆ ਜਾਂਦਾ, ਉਦੋਂ ਤੱਕ ਉਸਨੂੰ ਫੋਰਸ ਬੇਸ, ਸਮੂਹ ਕੇਂਦਰਾਂ ਜਾਂ ਕੰਪੋਜ਼ਿਟ ਹਸਪਤਾਲਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਜਿੱਥੇ ਉਹ ਆਸਾਨੀ ਨਾਲ ਹਥਿਆਰਾਂ ਤੱਕ ਨਾ ਪਹੁੰਚ ਸਕੇ।
ਇਸ ਗੋਲੀਬਾਰੀ ‘ਚ 4 ਜਵਾਨ ਸ਼ਹੀਦ ਹੋ ਗਏ, ਜਦਕਿ 3 ਜ਼ਖਮੀ ਹਨ। ਦੋ ਜਵਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਗੋਲੀਬਾਰੀ ਕਰਨ ਵਾਲੇ ਜਵਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਫਾਇਰਿੰਗ ਦੀ ਘਟਨਾ ‘ਚ ਮਾਰੇ ਗਏ 3 ਜਵਾਨ ਬਿਹਾਰ ਦੇ ਰਹਿਣ ਵਾਲੇ ਸਨ, ਜਦਕਿ 1 ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਚੌਥੇ ਜਵਾਨ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਮਾਰੇ ਗਏ ਜਵਾਨਾਂ ‘ਚ ਧਨਜੀ, ਧਰਮਿੰਦਰ ਕੁਮਾਰ ਅਤੇ ਰਾਜਮਨੀ ਕੁਮਾਰ ਯਾਦਵ ਵਾਸੀ ਬਿਹਾਰ ਅਤੇ ਰਾਜੀਬ ਮੰਡਲ ਵਾਸੀ ਪੱਛਮੀ ਬੰਗਾਲ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜਵਾਨ ਧਰਮਿੰਦਰ ਕੁਮਾਰ ਸਿੰਘ, ਧਰਮਾਤਮਾ ਕੁਮਾਰ ਅਤੇ ਮਲਾਇਆ ਰੰਜਨ ਮਹਾਰਾਣਾ ਜ਼ਖਮੀ ਹਨ।
ਵੀਡੀਓ ਲਈ ਕਲਿੱਕ ਕਰੋ -: