ਚੋਣਾਂ ਨੇੜੇ ਆਉਂਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਪੰਜਾਬ ਪੁਲਿਸ ਤੇਜ਼ੀ ਨਾਲ ਜਾਂਚ ਕਰ ਰਹੀ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਅੱਜ ਫਿਰ ਸਿਰਸਾ ਦਾ ਦੌਰਾ ਕਰੇਗੀ। ਜਿੱਥੇ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ ਵਿੱਚ ਚੇਅਰਪਰਸਨ ਵਿਪਾਸਨਾ ਇੰਸਾਨ ਅਤੇ ਵਾਈਸ ਚੇਅਰਮੈਨ ਡਾਕਟਰ ਪੀਆਰ ਨੈਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਐਸਆਈਟੀ ਪਹਿਲਾਂ ਵੀ ਪੁੱਛਗਿੱਛ ਲਈ ਡੇਰੇ ਗਈ ਸੀ, ਪਰ ਖਾਲੀ ਹੱਥ ਪਰਤਣਾ ਪਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਐਸਆਈਟੀ ਨੂੰ ਡੇਰੇ ਵਿੱਚ ਹੀ ਪੁੱਛਗਿੱਛ ਕਰਨ ਦੇ ਹੁਕਮ ਦਿੱਤੇ ਸਨ।
ਐਸਆਈਟੀ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਐਸਐਸਪੀ ਮੁਖਵਿੰਦਰ ਭੁੱਲਰ, ਡੀਐਸਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਕਰਨਗੇ। ਇਸ ਤੋਂ ਪਹਿਲਾਂ ਟੀਮ ਰਾਮ ਰਹੀਮ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਵੀ ਪੁੱਛਗਿੱਛ ਕਰ ਚੁੱਕੀ ਹੈ। ਪੰਜਾਬ ਵਿੱਚ ਬੇਅਦਬੀ ਮਾਮਲੇ ਦੀ ਜਾਂਚ ਲਈ ਦੋ ਐਸਆਈਟੀ, ਸੀਬੀਆਈ ਅਤੇ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਇਹ ਪੰਜਵੀਂ ਵਾਰ ਹੈ।
ਕੁਝ ਦਿਨ ਪਹਿਲਾਂ ਐਸਆਈਟੀ ਨੇ ਰੋਹਤਕ ਦੀ ਸੁਨਾਰੀਆ ਜੇਲ ਜਾ ਕੇ ਬਾਬਾ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਸੀ। ਜਿਸ ਵਿੱਚ ਰਾਮ ਰਹੀਮ ਨੇ ਕਿਹਾ ਕਿ ਉਸਦਾ ਕੰਮ ਸਿਰਫ ਸਤਿਸੰਗ ਕਰਨਾ ਹੈ। ਡੇਰੇ ਦੀ ਆਮਦਨ ਤੋਂ ਲੈ ਕੇ ਜਾਇਦਾਦ ਤੱਕ ਹਰ ਤਰ੍ਹਾਂ ਦੇ ਕੰਮ ਬਾਰੇ ਡੇਰਾ ਪ੍ਰਬੰਧਕਾਂ ਨੂੰ ਹੀ ਪਤਾ ਹੋਵੇਗਾ। ਐਸਆਈਟੀ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਫਰੀਦਕੋਟ ਦੇ ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰਬੰਧਕਾਂ ਦੀ ਕੋਈ ਭੂਮਿਕਾ ਤਾਂ ਨਹੀਂ ਹੈ। ਹਾਲਾਂਕਿ ਰਾਮ ਰਹੀਮ ਸਮੇਤ ਡੇਰੇ ਦੇ ਸਾਰੇ ਲੋਕਾਂ ਨੇ ਬੇਅਦਬੀ ਕਾਂਡ ‘ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: