ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਬਿਪਿਨ ਰਾਵਤ ਨਾਲ ਬੁੱਧਵਾਰ ਦੁਪਹਿਰ ਹੋਏ ਹੈਲੀਕਾਪਟਰ ਕ੍ਰੈਸ਼ ਵਿੱਚ ਤਰਨਤਾਰਨ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਾ ਨਾਇਕ ਗੁਰਸੇਵਕ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਦਾ ਰਹਿਣ ਵਾਲਾ ਸੀ। ਬੁੱਧਵਾਰ ਦੁਪਹਿਰ ਨੂੰ ਤਾਮਿਲਨਾਡੂ ਦੇ ਕੁਨੂਰ ਵਿੱਚ ਹਾਦਸਾਗ੍ਰਸਤ ਹੋਏ ਸੈਨਾ ਦੇ ਸੀਡੀਐੱਸ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਸਣੇ 14 ਲੋਕ ਸਵਾਰ ਸਨ। ਇਨ੍ਹਾਂ ‘ਚੋਂ 13 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸੀਡੀਐੱਸ ਬਿਪਿਨ ਰਾਵਤ ਦੇ ਨਾਲ ਇਸ ਹੈਲੀਕਾਪਟਰ ਵਿੱਚ ਸਵਾਰ ਜ਼ਿਆਦਾਤਰ ਫੌਜ ਦੇ ਜਵਾਨ ਉਨ੍ਹਾਂ ਦੀ ਸੁਰੱਖਿਆ ਟੀਮ ਦੇ ਮੈਂਬਰ ਸਨ। ਤਰਨਤਾਰਨ ਦੇ ਪਿੰਡ ਦੋਦੇ ਦਾ ਗੁਰਸੇਵਕ ਸਿੰਘ ਵੀ ਬਿਪਿਨ ਰਾਵਤ ਦੇ ਸੁਰੱਖਿਆ ਦਸਤੇ ਦਾ ਮੈਂਬਰ ਸੀ। ਗੁਰਸੇਵਕ ਸਿੰਘ ਫੌਜ ਦੀ 9 ਪੈਰਾ ਸਪੈਸ਼ਲ ਫੋਰਸ ਯੂਨਿਟ ਵਿੱਚ ਤਾਇਨਾਤ ਸੀ। ਹੈਲੀਕਾਪਟਰ ਕ੍ਰੈਸ਼ ਤੋਂ ਬਾਅਦ ਤਾਮਿਲਨਾਡੂ ਤੋਂ ਫੌਜ ਦੇ ਅਧਿਕਾਰੀਆਂ ਨੇ ਬੁੱਧਵਾਰ ਦੇਰ ਸ਼ਾਮ ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਥਾਣੇ ਦੇ ਐੱਸਐੱਚਓ ਨੂੰ ਫੋਨ ਕਰਕੇ ਗੁਰਸੇਵਕ ਸਿੰਘ ਦੀ ਸ਼ਹੀਦ ਹੋਣ ਦੀ ਜਾਣਕਾਰੀ ਦਿੱਤੀ। ਗੁਰਸੇਵਕ ਸਿੰਘ ਦਾ ਦੋਦੇ ਪਿੰਡ ਖਾਲੜਾ ਥਾਣੇ ਅਧੀਨ ਆਉਂਦਾ ਹੈ। ਗੁਰਸੇਵਕ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਚੁੱਕਾ ਹੈ ਜਦ ਕਿ ਪਿਤਾ ਘਰ ਹੀ ਰਹਿੰਦੇ ਹਨ।
ਤਰਨਤਾਰਨ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਫੌਜ ਨੇ ਬੇਸ਼ੱਕ ਨਾਇਕ ਗੁਰਸੇਵਕ ਸਿੰਘ ਦੀ ਸ਼ਹਾਦਤ ਬਾਰੇ ਸਬੰਧਤ ਥਾਣੇ ਵਿੱਚ ਸੂਚਨਾ ਦੇ ਦਿੱਤੀ ਹੈ ਪਰ ਫੌਜ ਦੇ ਅਧਿਕਾਰੀਆਂ ਨੇ ਸਪੱਸ਼ਟ ਕਿਹਾ ਹੈ ਕਿ ਫਿਲਹਾਲ ਇਹ ਸੂਚਨਾ ਗੁਰਸੇਵਕ ਸਿੰਘ ਦੇ ਪਰਿਵਾਰ ਜਾਂ ਦੋਦੇ ਪਿੰਡ ਵਿੱਚ ਕਿਸੇ ਨੂੰ ਨਾ ਦਿੱਤੀ ਜਾਵੇ। ਫੌਜ ਦੇ ਅਧਿਕਾਰੀ ਖੁਦ ਪਰਿਵਾਰ ਨਾਲ ਸੰਪਰਕ ਕਰਕੇ ਗੁਰਸੇਵਕ ਸਿੰਘ ਦੀ ਸ਼ਹੀਦੀ ਬਾਰੇ ਜਾਣਕਾਰੀ ਦੇਣਗੇ। ਹਾਲਾਂਕਿ, ਦੇਰ ਸ਼ਾਮ ਤੱਕ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਉਸ ਦੀ ਸ਼ਹਾਦਤ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਮਿਲ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: