ਜੰਮੂ-ਕਸ਼ਮੀਰ ਪੁਲਸ ਨੇ ਸ਼ੁੱਕਰਵਾਰ ਨੂੰ ਨਿਊਜ਼ ਪੋਰਟਲ ‘ਦਿ ਕਸ਼ਮੀਰ ਵਾਲਾ’ ਦੇ ਪੱਤਰਕਾਰ ਫਹਾਦ ਸ਼ਾਹ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਫਹਾਦ ਸ਼ਾਹ ‘ਤੇ ਸੋਸ਼ਲ ਮੀਡੀਆ ‘ਤੇ ਅੱਤਵਾਦੀ ਗਤੀਵਿਧੀਆਂ ਦੀ ਵਡਿਆਈ ਕਰਨ ਦਾ ਦੋਸ਼ ਲਗਾਇਆ ਹੈ। ਉਸ ਦਾ ਇਰਾਦਾ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਲੋਕਾਂ ਵਿੱਚ ਡਰ ਪੈਦਾ ਕਰਨਾ ਹੈ। ਪੁਲਿਸ ਮੁਤਾਬਕ ਦੋਸ਼ੀ ਪੱਤਰਕਾਰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਸੀ।
ਇੱਕ ਬਿਆਨ ਵਿੱਚ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਕਿਹਾ, “ਕੁਝ ਫੇਸਬੁੱਕ ਉਪਭੋਗਤਾ ਅਤੇ ਪੋਰਟਲ ਲੋਕਾਂ ਵਿੱਚ ਡਰ ਪੈਦਾ ਕਰਨ ਦੇ ਅਪਰਾਧਿਕ ਇਰਾਦੇ ਨਾਲ ਤਸਵੀਰਾਂ, ਵੀਡੀਓ ਅਤੇ ਪੋਸਟਾਂ ਸਮੇਤ ਦੇਸ਼ ਵਿਰੋਧੀ ਸਮੱਗਰੀ ਨੂੰ ਅਪਲੋਡ ਕਰ ਰਹੇ ਹਨ। ਇਸ ਤਰ੍ਹਾਂ ਅਪਲੋਡ ਕੀਤੀ ਗਈ ਸਮੱਗਰੀ ਕਾਨੂੰਨ ਵਿਵਸਥਾ ਨੂੰ ਤੋੜਨ ਲਈ ਲੋਕਾਂ ਨੂੰ ਭੜਕਾ ਸਕਦੀ ਹੈ।”
ਪੁਲਸ ਨੇ ਦੱਸਿਆ ਕਿ ਫਹਾਦ ਨੂੰ ਪਿੱਛਲੇ ਮੰਗਲਵਾਰ 31 ਜਨਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਸ਼ੁੱਕਰਵਾਰ 4 ਫਰਵਰੀ ਨੂੰ ਉਸ ਨੂੰ ਪੁਲਵਾਮਾ ਪੁਲਿਸ ਸਟੇਸ਼ਨ ਵਿੱਚ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਗਿਆ ਸੀ। ਪੁਲਸ ਨੇ ਉਸ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਉਹ ਪੁਲਿਸ ਰਿਮਾਂਡ ‘ਤੇ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਫਹਾਦ ਸ਼ਾਹ ਆਨਲਾਈਨ ਨਿਊਜ਼ ਪੋਰਟਲ ‘ਦਿ ਕਸ਼ਮੀਰ ਵਾਲਾ’ ਦਾ ਮੁੱਖ ਸੰਪਾਦਕ ਹੈ।
ਪੱਤਰਕਾਰ ਫਹਾਦ ਸ਼ਾਹ ਦੀ ਗ੍ਰਿਫਤਾਰੀ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਦੀ ਨਿੰਦਾ ਕੀਤੀ ਹੈ। ਉਸ ਨੇ ਟਵੀਟ ਕੀਤਾ, “ਸੱਚ ਲਈ ਖੜ੍ਹੇ ਹੋਣਾ ਦੇਸ਼-ਵਿਰੋਧੀ ਮੰਨਿਆ ਜਾਂਦਾ ਹੈ। ਇੱਕ ਡੂੰਘੀ ਅਸਹਿਣਸ਼ੀਲ ਅਤੇ ਤਾਨਾਸ਼ਾਹ ਸਰਕਾਰ ਨੂੰ ਦਰਸਾਉਣਾ ਵੀ ਦੇਸ਼-ਵਿਰੋਧੀ ਹੈ। ਫਹਾਦ ਦੀ ਪੱਤਰਕਾਰੀ ਦਾ ਕੰਮ ਆਪਣੇ ਆਪ ਲਈ ਬੋਲਦਾ ਹੈ ਅਤੇ ਭਾਰਤ ਸਰਕਾਰ ਲਈ ਅਸਹਿ ਜ਼ਮੀਨੀ ਹਕੀਕਤ ਨੂੰ ਦਰਸਾਉਂਦਾ ਹੈ। ਤੁਸੀਂ ਕਿੰਨੇ ਫਾਹਦ ਨੂੰ ਗ੍ਰਿਫਤਾਰ ਕਰੋਗੇ?”
ਵੀਡੀਓ ਲਈ ਕਲਿੱਕ ਕਰੋ -: