ਲਖੀਮਪੁਰ ਹਿੰਸਾ ਮਾਮਲੇ ਵਿੱਚ ਕਰੀਬ ਇੱਕ ਹਫਤੇ ਬਾਅਦ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਸ਼ਨੀਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਕਰੀਬ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦੇਰ ਰਾਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੀ.ਆਈ.ਜੀ. ਉਪੇਂਦਰ ਅਗਰਵਾਲ ਨੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਸਨ, ਇਸ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਦੇਰ ਰਾਤ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁੱਛਗਿੱਛ ਵਿੱਚ ਸਹਿਯੋਗ ਨਾ ਕਰਨ ‘ਤੇ ਪੁਲਿਸ ਨੇ ਅਸ਼ੀਸ਼ ਮਿਸ਼ਰਾ ਦੀ ਹਿਰਾਸਤ ਮੰਗ ਕੀਤੀ ਸੀ, ਪਰ ਆਸ਼ੀਸ਼ ਮਿਸ਼ਰਾ ਦੇ ਵਕੀਲ ਨੇ ਇਸਦਾ ਵਿਰੋਧ ਕੀਤਾ। ਵਕੀਲ ਨੇ ਕਿਹਾ ਕਿ ਰਿਮਾਂਡ ਵਿੱਚ ਲਏ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ। ਜਿਸ ਤੋਂ ਬਾਅਦ ਅਦਾਲਤ ਨੇ ਆਸ਼ੀਸ਼ ਮਿਸ਼ਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ।
ਹਾਲਾਂਕਿ, ਸੋਮਵਾਰ ਨੂੰ ਅਦਾਲਤ ਵਿੱਚ ਇੱਕ ਹੋਰ ਸੁਣਵਾਈ ਹੋਵੇਗੀ ਅਤੇ ਇਹ ਤੈਅ ਕੀਤਾ ਜਾਵੇਗਾ ਕਿ ਉਸਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਜਾਵੇਗਾ ਜਾਂ ਨਹੀਂ। ਆਸ਼ੀਸ਼ ਮਿਸ਼ਰਾ ਦੇ ਖਿਲਾਫ ਬਹਿਰਾਈਚ ਦੇ ਜਗਜੀਤ ਸਿੰਘ ਨੇ ਕੇਸ ਦਰਜ ਕੀਤਾ ਹੈ। ਐੱਫ.ਆਈ.ਆਰ. ਵਿੱਚ ਆਸ਼ੀਸ਼ ਮਿਸ਼ਰਾ ਤੋਂ ਇਲਾਵਾ 15-20 ਅਣਪਛਾਤੇ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਧਾਰਾਵਾਂ 147, 148, 149 (ਦੰਗਿਆਂ ਨਾਲ ਸੰਬੰਧਤ), 279 (ਲਾਪਰਵਾਹੀ ਨਾਲ ਗੱਡੀ ਚਲਾਉਣ), 338 (ਕਿਸੇ ਵਿਅਕਤੀ ਨੂੰ ਸੱਟ ਪਹੁੰਚਾਉਣਾ), 304A (ਲਾਪਰਵਾਹੀ ਕਾਰਨ ਮੌਤ), 302 (ਕਤਲ) ਅਤੇ 120B (ਅਪਰਾਧਿਕ ਸਾਜ਼ਿਸ਼) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੇਖੋ ਵੀਡੀਓ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food