ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਠੇਕਾ ਮੁਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਸਰਕਾਰ ਨੇ ਸੂਬੇ ਵਿੱਚ ਠੇਕੇ ਦੀ ਮਿਆਦ ਘਟਾ ਦਿੱਤੀ ਹੈ। ਸੂਬੇ ਵਿੱਚ ਹੁਣ 3 ਸਾਲ ਦੀ ਬਜਾਏ 2 ਸਾਲਾਂ ਵਿੱਚ ਠੇਕਾ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੀਐੱਮ ਜੈਰਾਮ ਠਾਕੁਰ ਨੇ ਸਾਲ 2016 ਲਈ ਤਨਖਾਹ ਕਮਿਸ਼ਨ ਦੇਣ ਦਾ ਐਲਾਨ ਕੀਤਾ ਹੈ। ਸੀਐੱਮ ਨੇ ਕਿਹਾ ਕਿ ਸਾਲ 2022 ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਫਰਵਰੀ ਵਿੱਚ ਸੋਧਿਆ ਹੋਇਆ ਤਨਖਾਹ ਸਕੇਲ ਦਿੱਤਾ ਜਾਵੇਗਾ।ਸਰਕਾਰ ਨੇ ਮੈਡੀਕਲ ਬਿੱਲਾਂ ਦੀ ਅਦਾਇਗੀ ਲਈ 10 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਹੈ। ਕਰਮਚਾਰੀਆਂ ਨੂੰ ਲਗਭਗ 7500 ਕਰੋੜ ਰੁਪਏ ਦੇ ਲਾਭ ਮਿਲਣਗੇ। ਹਾਲਾਂਕਿ ਮੁੱਖ ਮੰਤਰੀ ਨੇ ਜੇਸੀਸੀ ਦੀ ਮੀਟਿੰਗ ਵਿੱਚ ਆਊਟਸੋਰਸ ਮੁਲਾਜ਼ਮਾਂ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਛੇਵੇਂ ਤਨਖਾਹ ਕਮਿਸ਼ਨ ਦੇ ਜਾਰੀ ਹੋਣ ਤੋਂ ਬਾਅਦ ਬਜਟ ਦਾ ਲਗਭਗ 50 ਫੀਸਦੀ ਹਿੱਸਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖਰਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੂਬੇ ਵਿੱਚ ਕੁੱਲ ਬਜਟ ਦਾ ਸਿਰਫ਼ 42 ਫ਼ੀਸਦੀ ਹੀ ਖ਼ਰਚ ਹੁੰਦਾ ਸੀ। ਸੂਬੇ ਦੇ ਕੁੱਲ ਬਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਹਿੱਸਾ 8 ਫੀਸਦੀ ਵਧੇਗਾ। ਦੱਸ ਦਈਏ ਕਿ ਜ਼ਿਮਨੀ ਚੋਣ ‘ਚ ਮਿਲੀ ਹਾਰ ਤੋਂ ਬਾਅਦ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਮੁਲਾਜ਼ਮਾਂ ‘ਤੇ ਮਿਹਰਬਾਨੀ ਕੀਤੀ ਹੈ। ਸੂਬੇ ਵਿੱਚ ਢਾਈ ਤੋਂ ਤਿੰਨ ਲੱਖ ਮੁਲਾਜ਼ਮ ਹਨ।
ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਢਾਈ ਲੱਖ ਮੁਲਾਜ਼ਮਾਂ ਦੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਲਈ ਸ਼ਿਮਲਾ ਦੇ ਪੀਟਰਹਾਫ ਹੋਟਲ ਵਿੱਚ ਸ਼ਨੀਵਾਰ ਨੂੰ ਸਾਂਝੀ ਸਲਾਹਕਾਰ ਕਮੇਟੀ (ਜੇਸੀਸੀ) ਦੀ ਮੀਟਿੰਗ ਸ਼ੁਰੂ ਹੋਈ ਹੈ। ਜੇਸੀਸੀ ਦੀ ਮੀਟਿੰਗ ਛੇ ਸਾਲਾਂ ਬਾਅਦ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ। ਮੀਟਿੰਗ ਵਿੱਚ ਮੁੱਖ ਸਕੱਤਰ ਸਮੇਤ ਹਿਮਾਚਲ ਨਾਨ-ਗਜ਼ਟਿਡ ਮੁਲਾਜ਼ਮ ਫੈਡਰੇਸ਼ਨ ਦੇ ਅਧਿਕਾਰੀ, ਸਾਰੇ ਸਕੱਤਰ ਅਤੇ ਵਿਭਾਗਾਂ ਦੇ ਮੁਖੀ ਹਾਜ਼ਰ ਹਨ।
ਵੀਡੀਓ ਲਈ ਕਲਿੱਕ ਕਰੋ -: