ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ‘ਤੇ ਰਾਸ਼ਟਰੀ ਸੰਮੇਲਨ ਦੌਰਾਨ ਕਿਸਾਨਾਂ ਨੂੰ ਸੰਬੋਧਨ ਕੀਤਾ। ਗੁਜਰਾਤ ਦੇ ਆਨੰਦ ਵਿੱਚ ਆਯੋਜਿਤ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ‘ਤੇ ਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਦੌਰਾਨ, ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਕਿਸਾਨਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਸੰਮੇਲਨ ਦਾ ਧਿਆਨ ਕੁਦਰਤੀ ਖੇਤੀ ‘ਤੇ ਕੇਂਦਰਿਤ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ ਅਪਣਾਉਣ ਦੇ ਫਾਇਦਿਆਂ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਖੇਤੀਬਾੜੀ ਸੈਕਟਰ, ਖੇਤੀ-ਕਿਸਾਨਾਂ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਮੈਂ ਦੇਸ਼ ਭਰ ਦੇ ਕਿਸਾਨ ਭਰਾਵਾਂ ਨੂੰ ਕੁਦਰਤੀ ਖੇਤੀ ਬਾਰੇ ਰਾਸ਼ਟਰੀ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਅੱਜ ਤਕਰੀਬਨ 8 ਕਰੋੜ ਕਿਸਾਨ ਦੇਸ਼ ਦੇ ਹਰ ਕੋਨੇ ਤੋਂ ਤਕਨਾਲੋਜੀ ਰਾਹੀਂ ਸਾਡੇ ਨਾਲ ਜੁੜੇ ਹੋਏ ਹਨ।
ਪੀਐਮ ਮੋਦੀ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ-ਨਾਲ ਕਿਸਾਨਾਂ ਨੂੰ ਪਸ਼ੂ ਪਾਲਣ, ਮਧੂ ਮੱਖੀ ਪਾਲਣ, ਮੱਛੀ ਪਾਲਣ ਅਤੇ ਸੂਰਜੀ ਊਰਜਾ, ਬਾਇਓ ਫਿਊਲ ਵਰਗੇ ਆਮਦਨ ਦੇ ਕਈ ਵਿਕਲਪਿਕ ਸਰੋਤਾਂ ਨਾਲ ਲਗਾਤਾਰ ਜੋੜਿਆ ਜਾ ਰਿਹਾ ਹੈ। ਪਿੰਡਾਂ ਵਿੱਚ ਸਟੋਰੇਜ, ਕੋਲਡ ਚੇਨ ਅਤੇ ਫੂਡ ਪ੍ਰੋਸੈਸਿੰਗ ‘ਤੇ ਜ਼ੋਰ ਦੇਣ ਲਈ ਲੱਖਾਂ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਬੀਜ ਤੋਂ ਲੈ ਕੇ ਮੰਡੀ ਤੱਕ ਕਿਸਾਨ ਦੀ ਆਮਦਨ ਵਧਾਉਣ ਲਈ ਇਕ ਤੋਂ ਬਾਅਦ ਇਕ ਕਈ ਕਦਮ ਚੁੱਕੇ ਗਏ ਹਨ। ਮਿੱਟੀ ਪਰਖ ਤੋਂ ਲੈ ਕੇ ਸੈਂਕੜੇ ਨਵੇਂ ਬੀਜਾਂ ਤੱਕ ਸਾਡੀ ਸਰਕਾਰ ਨੇ ਕੰਮ ਕੀਤਾ ਹੈ। ਪੀਐਮ ਮੋਦੀ ਨੇ ਇਹ ਵੀ ਕਿਹਾ, ‘ਕਿਸਾਨ ਸਨਮਾਨ ਨਿਧੀ ਤੋਂ ਲੈ ਕੇ ਲਾਗਤ ਦਾ ਡੇਢ ਗੁਣਾ ਸਮਰਥਨ ਮੁੱਲ ਅਤੇ ਸਿੰਚਾਈ ਦੇ ਮਜ਼ਬੂਤ ਨੈੱਟਵਰਕ ਤੋਂ ਲੈ ਕੇ ਕਿਸਾਨ ਰੇਲ ਤੱਕ, ਸਾਡੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਕਦਮ ਚੁੱਕੇ ਹਨ।’
ਕੁਦਰਤੀ ਖੇਤੀ #NaturalFarming ਦਾ ਜ਼ਿਕਰ ਕਰਦੇ ਹੋਏ, ਪੀਐਮ ਮੋਦੀ ਨੇ ਕਿਹਾ ਕਿ ਇਹ ਸੱਚ ਹੈ ਕਿ ਹਰੀ ਕ੍ਰਾਂਤੀ ਵਿੱਚ ਰਸਾਇਣਾਂ ਅਤੇ ਖਾਦਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਰ ਇਹ ਵੀ ਉਨਾ ਹੀ ਸੱਚ ਹੈ ਕਿ ਸਾਨੂੰ ਇਸਦੇ ਬਦਲਾਂ ‘ਤੇ ਨਾਲ-ਨਾਲ ਕੰਮ ਕਰਦੇ ਰਹਿਣਾ ਹੋਵੇਗਾ। ਬੀਜ ਤੋਂ ਲੈ ਕੇ ਮਿੱਟੀ ਤੱਕ, ਤੁਸੀਂ ਹਰ ਚੀਜ਼ ਦਾ ਕੁਦਰਤੀ ਤਰੀਕੇ ਨਾਲ ਇਲਾਜ ਕਰ ਸਕਦੇ ਹੋ। ਕੁਦਰਤੀ ਖੇਤੀ ਵਿੱਚ ਖਾਦਾਂ ਜਾਂ ਕੀਟਨਾਸ਼ਕਾਂ ‘ਤੇ ਖਰਚਾ ਸ਼ਾਮਲ ਨਹੀਂ ਹੁੰਦਾ। ਇਸ ਨੂੰ ਘੱਟ ਸਿੰਚਾਈ ਦੀ ਵੀ ਲੋੜ ਹੁੰਦੀ ਹੈ ਅਤੇ ਇਹ ਹੜ੍ਹਾਂ ਅਤੇ ਸੋਕੇ ਨਾਲ ਨਜਿੱਠਣ ਦੇ ਸਮਰੱਥ ਹੈ।
ਪੀਐੱਮ ਮੋਦੀ ਨੇ ਕਿਹਾ, ‘ਭਾਵੇਂ ਉਹ ਘੱਟ ਸਿੰਚਾਈ ਵਾਲੀ ਜ਼ਮੀਨ ਹੋਵੇ ਜਾਂ ਜ਼ਿਆਦਾ ਪਾਣੀ ਵਾਲੀ ਜ਼ਮੀਨ, ਕਿਸਾਨ ਕੁਦਰਤੀ ਖੇਤੀ ਰਾਹੀਂ ਸਾਲ ਵਿੱਚ ਕਈ ਫ਼ਸਲਾਂ ਲੈ ਸਕਦੇ ਹਨ। ਇੰਨਾ ਹੀ ਨਹੀਂ ਕਣਕ, ਝੋਨਾ, ਦਾਲਾਂ ਆਦਿ ਦੀ ਖੇਤੀ ਵਿੱਚ ਜੋ ਵੀ ਰਹਿੰਦ-ਖੂੰਹਦ ਬਾਹਰ ਨਿਕਲਦੀ ਹੈ, ਉਸ ਦੀ ਪਰਾਲੀ ਨੂੰ ਵੀ ਇਸ ਵਿੱਚ ਚੰਗੀ ਤਰ੍ਹਾਂ ਵਰਤਿਆ ਜਾਂਦਾ ਹੈ। ਭਾਵ, ਘੱਟ ਲਾਗਤ, ਵਧੇਰੇ ਲਾਭ। ਸਾਨੂੰ ਨਾ ਸਿਰਫ਼ ਖੇਤੀਬਾੜੀ ਨਾਲ ਸਬੰਧਤ ਆਪਣੇ ਪੁਰਾਤਨ ਗਿਆਨ ਨੂੰ ਮੁੜ ਤੋਂ ਸਿੱਖਣ ਦੀ ਲੋੜ ਹੈ, ਸਗੋਂ ਇਸ ਨੂੰ ਆਧੁਨਿਕ ਸਮੇਂ ਅਨੁਸਾਰ ਤਿੱਖਾ ਕਰਨ ਦੀ ਵੀ ਲੋੜ ਹੈ। ਇਸ ਦਿਸ਼ਾ ਵਿੱਚ ਸਾਨੂੰ ਪੁਰਾਤਨ ਗਿਆਨ ਨੂੰ ਆਧੁਨਿਕ ਵਿਗਿਆਨਕ ਢਾਂਚੇ ਵਿੱਚ ਪਾ ਕੇ ਨਵੇਂ ਸਿਰੇ ਤੋਂ ਖੋਜ ਕਰਨੀ ਪਵੇਗੀ। ਨਵਾਂ ਸਿੱਖਣ ਦੇ ਨਾਲ-ਨਾਲ ਸਾਨੂੰ ਉਨ੍ਹਾਂ ਗਲਤੀਆਂ ਨੂੰ ਵੀ ਭੁੱਲਣਾ ਪਵੇਗਾ, ਜੋ ਖੇਤੀ ਦੇ ਤਰੀਕਿਆਂ ਵਿੱਚ ਆਈਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਖੇਤ ਨੂੰ ਅੱਗ ਲਗਾਉਣ ਨਾਲ ਧਰਤੀ ਆਪਣੀ ਉਪਜਾਊ ਸ਼ਕਤੀ ਗੁਆ ਬੈਠਦੀ ਹੈ।
ਵੀਡੀਓ ਲਈ ਕਲਿੱਕ ਕਰੋ -: