ਰਾਸ਼ਟਰੀ ਪੰਚਾਇਤ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਪ੍ਰੈਲ ਨੂੰ ਪਰਿਸ਼ਦ ‘ਚ ਆਯੋਜਿਤ ਰੈਲੀ ‘ਚ ਜੰਮੂ-ਕਸ਼ਮੀਰ ਨੂੰ ਕਰੀਬ 58,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਅਤੇ ਨਿਵੇਸ਼ਾਂ ਦਾ ਤੋਹਫਾ ਦੇਣਗੇ। ਇੰਨੇ ਵੱਡੇ ਪੱਧਰ ‘ਤੇ ਨਿਵੇਸ਼ ਨਾਲ ਰੁਜ਼ਗਾਰ ਦੇ ਮੌਕੇ ਖੁੱਲ੍ਹਣਗੇ। ਇਸ ਸਾਲ ਦੇ ਅੰਤ ਤੱਕ 75 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਹੈ, ਜਦਕਿ ਪਿਛਲੇ 74 ਸਾਲਾਂ ‘ਚ ਜੰਮੂ-ਕਸ਼ਮੀਰ ‘ਚ ਨਿੱਜੀ ਖੇਤਰ ਤੋਂ ਕੁੱਲ 14 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ।
ਕੱਲ ਯਾਨੀ 24 ਅਪ੍ਰੈਲ ਨੂੰ ਪੀਐਮ ਮੋਦੀ ਜੰਮੂ-ਕਸ਼ਮੀਰ ਨੂੰ ਕਈ ਤੋਹਫੇ ਦੇਣਗੇ। ਉਹ ਇਸ ਦਿਨ ਪੰਜ ਐਕਸਪ੍ਰੈਸਵੇਅ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਬਨਿਹਾਲ-ਕਾਜੀਗੁੰਡ ਸੁਰੰਗ ਦਾ ਉਦਘਾਟਨ ਕਰਨਗੇ। ਧਾਰਾ 370 ਹਟਾਏ ਜਾਣ ਤੋਂ ਬਾਅਦ ਨਵੇਂ ਜੰਮੂ-ਕਸ਼ਮੀਰ ‘ਚ ਉਦਯੋਗਿਕ ਵਿਕਾਸ ਦੇ ਨਵੇਂ ਦੌਰ ‘ਚ 38082 ਕਰੋੜ ਰੁਪਏ ਦਾ ਨੀਂਹ ਪੱਥਰ ਸਮਾਗਮ ਵੀ ਆਯੋਜਿਤ ਕੀਤਾ ਜਾਵੇਗਾ।
ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਹਾਈ ਅਲਰਟ ਹੈ। ਇਸ ਦੌਰਾਨ ਸੁਰੱਖਿਆ ਬਲ ਕਈ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ 40 ਘੰਟੇ ਚੱਲੇ ਮੁਕਾਬਲੇ ‘ਚ 3 ਅੱਤਵਾਦੀ ਮਾਰੇ ਗਏ ਅਤੇ ਜੰਮੂ ‘ਚ 7 ਘੰਟੇ ਚੱਲੇ ਆਪ੍ਰੇਸ਼ਨ ‘ਚ 2 ਅੱਤਵਾਦੀ ਮਾਰੇ ਗਏ। ਇਸ ਤੋਂ ਬਾਅਦ ਸ਼੍ਰੀਨਗਰ ‘ਚ ਬਾਹਰੀ ਮਜ਼ਦੂਰਾਂ ‘ਤੇ ਅੱਤਵਾਦੀ ਹਮਲੇ ਦੀ ਖਬਰ ਸਾਹਮਣੇ ਆਈ ਹੈ।