ਰਾਜਸਥਾਨ ਦੇ ਅਲਵਰ ‘ਚ ਬੁੱਧਵਾਰ ਨੂੰ ਹਿੰਦੂ ਸੰਗਠਨਾਂ ਨੇ ਮੰਦਰ ਢਾਹੇ ਜਾਣ ਦੇ ਖਿਲਾਫ ਪੈਦਲ ਮਾਰਚ ਕੱਢਿਆ। ਇਸ ਪ੍ਰਦਰਸ਼ਨ ਵਿੱਚ ਇਲਾਕੇ ਦੇ ਸੰਸਦ ਮੈਂਬਰ ਬਾਲਕਨਾਥ ਸਮੇਤ ਸਾਰੇ ਸਾਧੂ-ਸੰਤਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਕਲੈਕਟੋਰੇਟ ਦੇ ਬਾਹਰ ਇਕੱਠੇ ਹੋ ਗਏ ਅਤੇ ਆਪਣਾ ਵਿਰੋਧ ਦਰਜ ਕਰਵਾਇਆ। ਧਰਨੇ ਵਿੱਚ ਸ਼ਾਮਲ ਭਾਜਪਾ ਦੇ ਸੰਸਦ ਮੈਂਬਰ ਬਾਲਕ ਨਾਥ ਨੇ ਕਿਹਾ ਕਿ ਰਾਜਸਥਾਨ ਸਰਕਾਰ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ ਅਤੇ ਅਸੀਂ ਮੰਗ ਪੱਤਰ ਸੌਂਪ ਕੇ ਮੰਦਰ ਢਾਹੁਣ ਵਿੱਚ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਹੁਣ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੇ ਕਿਹਾ ਕਿ ਅਲਵਰ ‘ਚ ਮੰਦਰ ਦੇ ਆਲੇ-ਦੁਆਲੇ ਕਈ ਗੈਰ-ਕਾਨੂੰਨੀ ਉਸਾਰੀਆਂ ਨੂੰ ਨਹੀਂ ਢਾਹਿਆ ਗਿਆ ਜਦਕਿ ਸਿਰਫ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਸਰਕਾਰ ਨੇ ਤੁਸ਼ਟੀਕਰਨ ਦੀ ਰਾਜਨੀਤੀ ਰਾਹੀਂ ਮੰਦਰ ਨੂੰ ਢਾਹੁਣ ਦਾ ਕੰਮ ਕੀਤਾ ਹੈ ਅਤੇ ਇਸ ਖ਼ਿਲਾਫ਼ ਲੋਕਾਂ ਵਿੱਚ ਰੋਸ ਹੈ। ਵਿਜੇਵਰਗੀਆ ਦਾ ਇਲਜ਼ਾਮ ਹੈ ਕਿ ਅਲਵਰ ਦੇ ਇਸੇ ਇਲਾਕੇ ਵਿੱਚ ਇੱਕ ਮੁਸਲਿਮ ਦੀ ਦੁਕਾਨ ਨਾਲ ਵੀ ਛੇੜਛਾੜ ਨਹੀਂ ਕੀਤੀ ਗਈ, ਸਗੋਂ ਮੰਦਰ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹੀ ਮੁਗਲ ਮਾਨਸਿਕਤਾ ਦਾ ਹਮੇਸ਼ਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਹਿੰਦੂ ਸਮਾਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: