ਤਾਮਿਲਨਾਡੂ ਦੇ ਜ਼ਿਲ੍ਹਾ ਰਤਨਾਗਰੀ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਵਿੱਚ ਭਾਰਤੀ ਸੈਨਾ ਦੇ ਜਵਾਨ ਨਾਇਕ ਗੁਰਸੇਵਕ ਸਿੰਘ ਪਿੰਡ ਦੋਦੇ (ਤਰਨਤਾਰਨ) ਵੀ ਸ਼ਾਮਲ ਸਨ। ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ, ਪਿੰਡ ਦੋਦੇ ਸੋਡੀਆ ਅਤੇ ਪੂਰੇ ਇਲਾਕੇ ਵਿੱਚ ਦੁਖ ਦੀ ਲਹਿਰ ਹੈ। ਇਸ ਸਬੰਧੀ ਨਾਇਕ ਗੁਰਸੇਵਕ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਸੇਵਕ ਸਿੰਘ ਸਾਲ 2004 ‘ਚ ਭਾਰਤੀ ਫ਼ੌਜ ’ਚ ਭਰਤੀ ਹੋਏ ਸਨ ਅਤੇ ਉਹ 2009 ‘ਚ ਦਿੱਲੀ ਵਿਖੇ ਡਿਊਟੀ ਕਰਦੇ ਸਨ।
ਗੁਰਸੇਵਕ ਸਿੰਘ ਦਾ ਵਿਆਹ ਸਾਲ 2011 ‘ਚ ਜਸਪ੍ਰੀਤ ਕੌਰ ਨਾਲ ਹੋਇਆ ਸੀ। ਗੁਰਸੇਵਕ ਦੀਆਂ 2 ਲੜਕੀਆਂ ਸਿਮਰਤਦੀਪ ਕੌਰ (9) , ਗੁਰਲੀਨ ਕੌਰ (7) ਤੇ ਇੱਕ ਲੜਕਾ ਗੁਰਫਤਿਹ ਸਿੰਘ (4) ਸਾਲ ਅਤੇ ਪਰਿਵਾਰ ‘ਚ ਬਜ਼ੁਰਗ ਪਿਤਾ ਕਾਬਲ ਸਿੰਘ ਤੋਂ ਇਲਾਵਾ ਛੋਟਾ ਭਰਾ ਹੈ। ਗੁਰਸੇਵਕ ਸਿੰਘ ਦੀ ਮਾਤਾ ਗੁਰਮੀਤ ਕੌਰ ਜੀ ਸਨ ਜੋ 2010 ’ਚ ਅਕਾਲ ਚਲਾਣਾ ਕਰ ਗਏ ਸਨ। ਜ਼ਿਕਰਯੋਗ ਹੈ ਕਿ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਆਗੂ ਦੁਖ ਸਾਂਝਾ ਕਰਨ ਲਈ ਨਹੀ ਆਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਗੁਰਬਾਜ ਸਿੰਘ ਨੇ ਕਿਹਾ ਕਿ ਇਹ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ ਅਤੇ ਗੁਰਸੇਵਕ ਸਿੰਘ ਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ ਇਸ ਕਰਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ ਅਤੇ ਇਨ੍ਹਾਂ ਦਾ ਬਣਦਾ ਹੱਕ ਇਨ੍ਹਾਂ ਨੂੰ ਦਿੱਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: