ਬੰਦੀ ਸਿੰਘਾਂ ਦੀ ਰਿਹਾਈ ਸਿੱਖ ਕੌਮ ਦਾ ਅਹਿਮ ਮਾਮਲਾ ਹੈ, ਜਿਸ ਸਬੰਧੀ ਵੱਖ-ਵੱਖ ਧਿਰਾਂ ਵੱਲੋਂ ਇਸ ਅਹਿਮ ਮੰਗ ਨੂੰ ਉਠਾਉਣ ਦੇ ਬਾਵਜੂਦ ਵੀ ਸਰਕਾਰਾਂ ਇਮਾਨਦਾਰ ਨਹੀਂ ਦਿਖਾਈ ਦੇ ਰਹੀਆਂ | ਸ਼੍ਰੋਮਣੀ ਅਕਾਲੀ ਦਲ ਮੁੱਢਕਦੀਨ ਤੋਂ ਹੀ ਸਿੱਖਾਂ ਦੇ ਮਸਲਿਆਂ ਨੂੰ ਉਭਾਰਨ ਲਈ ਅਤੇ ਸਿਰੇ ਚਾੜ੍ਹਨ ਲਈ ਮੋਹਰੀ ਰਿਹਾ ਹੈ | ਪਿੱਛਲੇ ਸਮੇਂ ਤੋਂ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪਾਰਲੀਮੈਂਟ ਅਤੇ ਪੰਜਾਬ ਪੱਧਰ ‘ਤੇ ਮੁੱਦੇ ਉਠਾਉਂਦਾ ਆ ਰਿਹਾ ਹੈ | ਹੁਣ ਕੇਂਦਰ ਸਰਕਾਰ ਨੂੰ ਜਗਾਉਣ ਲਈ ਅਤੇ ਇੰਨ੍ਹਾਂ ਰਿਹਾਈਆਂ ਲਈ ਇਕ ਲਹਿਰ ਪੈਦਾ ਕਰਨ ਦੇ ਮਨਸ਼ੇ ਨਾਲ ਅਕਾਲੀ ਦਲ ਵੱਲੋਂ ਦਿੱਲੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭਣ ਦਾ ਫੈਸਲਾ ਕੀਤਾ ਗਿਆ ਹੈ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇੱਥੇ ਸਥਿਤ ਸ਼ੋ੍ਰਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ |
ਭਾਈ ਗਰੇਵਾਲ ਨੇ ਆਖਿਆ ਕਿ ਤਿੰਨ ਦਹਾਕਿਆਂ ਤੋਂ ਦੇੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਉਮਰਕੈਦ ਤੋਂ ਕਈ ਗੁਣਾਂ ਵੱਧ ਸਜਾਵਾਂ ਭੁਗਤ ਚੁੱਕੇ ਸਿੰਘਾਂ ਨੂੰ ਰਿਹਾਅ ਨਾ ਕਰਕੇ ਸਰਕਾਰਾਂ ਸਿੱਖ ਵਿਰੋਧੀ ਮਾਨਸਿਕਤਾ ਦਾ ਖੁੱਲ੍ਹਾ ਪ੍ਰਗਟਾਵਾ ਕਰ ਰਹੀਆਂ ਹਨ, ਜੋ ਦੇਸ਼ ਦੀ ਆਜ਼ਾਦੀ ਦੀ ਲੜਨ ਮਰਨ ਵਾਲੇ ਸਿੰਘਾਂ ਨਾਲ ਸਰਾਸਰ ਧੱਕਾ ਹੈ | ਦੇਸ਼ ਦਾ ਸੰਵਿਧਾਨ ਇੱਥੇ ਵਸਣ ਵਾਲੇ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖਾਂ ਨਾਲ ਅਜਿਹੇ ਵਿਤਕਰੇ ਕੇਂਦਰ ਦੀਆਂ ਸਰਕਾਰਾਂ ਦੀ ਤਬਦੀਲੀ ਤੋਂ ਬਾਅਦ ਅੱਜ ਵੀ ਜਾਰੀ ਹਨ | ਇਕ ਪਾਸੇ ਸੰਗੀਨ ਦੋਸ਼ਾਂ ਤਹਿਤ ਘਿਰੇ ਡੇਰਾ ਸਿਰਸਾ ਮੁਖੀ ਅਤੇ 1984 ਦਿੱਲੀ ਕਤਲੇਆਮ ਦੇ ਦੋਸ਼ੀਆਂ ਕਿਸ਼ੋਰੀ ਲਾਲ ਵਰਗਿਆਂ ਨੂੰ ਫਰੋਲ ਦੇ ਕੇ ਨਿਵਾਜਿਆ ਜਾਂਦਾ ਹੈ, ਜਦਕਿ ਦੂਸਰੇ ਪਾਸੇ 30 ਸਾਲ ਤੋਂ ਵੱਧ ਸਮਾਂ ਜੇਲ੍ਹਾਂ ‘ਚ ਗੁਜਾਰਨ ਵਾਲੇ ਬੰਦੀ ਸਿੱਖਾਂ ਨੂੰ ਛੁੱਟੀ ਦੇ ਸੰਵਿਧਾਨਕ ਹੱਕ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ | ਭਾਈ ਗਰੇਵਾਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਰਕਾਰਾਂ ਤੱਕ ਪਹੁੰਚਿਆ ਹੈ, ਇਸੇ ਦੇ ਚਲਦਿਆਂ ਹੀ ਭਾਰਤ ਦੀ ਮੋਦੀ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕੀਤਾ ਸੀ | ਪਰ ਅਫ਼ਸੋਸ ਇਹ ਹੈ ਕਿ ਐਲਾਨ ਹਕੀਕਤ ‘ਚ ਨਾ ਬਦਲ ਸਕਿਆ | ਹੁਣ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਕੇਂਦਰ ਅਤੇ ਦਿੱਲੀ ਦੀ ਸਰਕਾਰ ਨੂੰ ਜਗਾਉਣ ਲਈ ਦਿੱਲੀ ਵਿਖੇ ਅਕਾਲੀ ਦਲ ਦੇ ਦਫ਼ਤਰ ‘ਚ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦਾ ਆਰੰਭ ਕਰ ਦਿੱਤਾ ਗਿਆ ਹੈ | ਇਹ ਲੜੀ ਨਿਰੰਤਰ ਚਲਾਈ ਜਾਵੇਗੀ, ਜਿਸ ‘ਚ ਪੰਜਾਬ ਤੋਂ ਜਥਿਆਂ ਦੇ ਰੂਪ ‘ਚ ਸੰਗਤਾਂ ਸੇਵਾ ਸੰਭਾਲ ਲਈ ਪੁੱਜਣਗੀਆਂ |
ਹਰ ਜੱਥਾ ਸ੍ਰੀ ਅਖੰਡ ਪਾਠ ਆਰੰਭ ਕਰਵਾਉਣ ਤੋਂ ਲੈ ਕੇ ਭੋਗ ਪੈਣ ਤੱਕ ਸੇਵਾ ਨਿਭਾਏਗਾ | ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਜਾਗਣ ਤੱਕ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਭੋਗ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਇਆ ਕਰੇਗੀ | ਇੱਥੇ ਜ਼ਿਕਰਯੋਗ ਹੈ ਕਿ ਪਹਿਲੇ ਪਾਠ ਦੀ ਆਰੰਭਤਾ ਸਮੇਂ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਫੈਡਰੇਸ਼ਨ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ ਪੰਜਾਬ ਤੋਂ ਜੱਥਾ ਲੈ ਕੇ ਪਹੁੰਚੇ | ਇਸ ਮੌਕੇ ਫੈਡਰੇਸ਼ਨ ਆਗੂ ਦਿਲਬਾਗ ਸਿੰਘ ਵਿਰਕ, ਸ਼੍ਰੋਮਣੀ ਕਮੇਟੀ ਐਡੀਸ਼ਨਲ ਸਕੱਤਰ ਵਿਜੈ ਸਿੰਘ ਬਾਦੀਆ, ਜਸਬੀਰੀ ਸਿੰਘ ਜੱਸੀ ਲੋਗੌਵਾਲ, ਸੁਖਦੀਪ ਸਿੰਘ ਸਿੱਧਵਾ, ਅਰਮੀਤ ਸਿੰਘ ਖਾਨਪੁਰੀ, ਅਮਰਜੀਤ ਸਿੰਘ ਸੰਧੂ, ਮਨਜੀਤ ਸਿੰਘ ਭੰਬਰਾ, ਸਮਰਦੀਪ ਸਿੰਘ ਸੰਨੀ, ਜਗਮੋਹਨ ਸਿੰਘ, ਬਾਬਾ ਸਤਨਾਮ ਸਿੰਘ ਖਾਪੜਖੇੜੀ ਮਿਸਲ ਸ਼ਾਮ ਸਿੰਘ ਅਟਾਰੀ, ਬਾਬਾ ਪ੍ਰਤਾਪ ਸਿੰਘ ਧੂੰਦਾ, ਬਾਬਾ ਸੁੱਖਾ ਸਿੰਘ ਸਿੰਘੂ ਬਾਰਡਰ ਵਾਲੇ, ਬਾਬਾ ਮਨੀ ਸਿੰਘ, ਅਰਮੀਤ ਸਿੰਘ ਖਾਨਪੁਰੀ, ਅਮਰਜੀਤ ਸਿੰਘ ਸੰਧੂ, ਮਨਜੀਤ ਸਿੰਘ ਭੰਬਰਾ, ਸਮਰਦੀਪ ਸਿੰਘ ਸੰਨੀ, ਜਗਮੋਹਨ ਸਿੰਘ ਵਿਰਕ ਵੀ ਹਾਜਰ ਸਨ।
ਵੀਡੀਓ ਲਈ ਕਲਿੱਕ ਕਰੋ -: