ਰਾਜਧਾਨੀ ਦਿੱਲੀ ਦੇ ਲਾਜਪਤ ਨਗਰ ਦੇ ਅਮਰ ਕਾਲੋਨੀ ਬਾਜ਼ਾਰ ‘ਚ ਮੰਗਲਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਬਾਜ਼ਾਰ ‘ਚ ਖਾਣ-ਪੀਣ ਦੀਆਂ ਦੁਕਾਨਾਂ ‘ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਅੱਗ ਇੰਨੀ ਵੱਧ ਗਈ ਕਿ ਆਸ-ਪਾਸ ਦੀਆਂ 5 ਦੁਕਾਨਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਅੱਗ ਨਾਲ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਇਸ ਪੂਰੀ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਹਾਲਾਂਕਿ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਜਾਣਕਾਰੀ ਮੁਤਾਬਕ ਕੁਝ ਲੋਕ ਰੋਜ਼ਾਨਾ ਦੀ ਤਰ੍ਹਾਂ ਦੁਕਾਨ ‘ਤੇ ਚੌਮੀਨ ਤੇ ਹੋਰ ਸਾਮਾਨ ਖਾ ਰਹੇ ਸਨ। ਉਸੇ ਸਮੇਂ ਅਚਾਨਕ ਕਿਸੇ ਚੀਜ਼ ਦੇ ਫਟਣ ਦੀ ਆਵਾਜ਼ ਆਈ ਜਿਸ ਕਾਰਨ ਲੋਕ ਡਰ ਗਏ ਅਤੇ ਇਧਰ-ਉਧਰ ਭੱਜਣ ਲੱਗੇ। ਫਿਰ ਚੰਗਿਆੜੀ ਨਾਲ ਅੱਗ ਉਥੇ ਫੈਲਣ ਲੱਗੀ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਅੱਗ ਬੁਝਾਊ ਸਿਲੰਡਰਾਂ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਇਆ ਗਿਆ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਫਾਇਰ ਵਿਭਾਗ ਦੇ ਫਾਇਰ ਅਫਸਰ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਗ ਨਾਲ ਕਰੀਬ 5 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ। ਨੁਕਸਾਨ ਕਾਫੀ ਹੋ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਿਲਹਾਲ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਖੁਸ਼ਕਿਸਮਤੀ ਨਾਲ ਅੱਗ ‘ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ਨਹੀਂ ਤਾਂ ਅਮਰ ਕਲੋਨੀ ‘ਚ ਵੱਡਾ ਹਾਦਸਾ ਵਾਪਰ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -: