ਫੌਕੀ ਸ਼ਾਨ ਵਾਸਤੇ ਅੱਜ ਦੀ ਪੀੜ੍ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਰਹੀ ਹੈ। ਪੰਜਾਬ ਦੇ ਮੁਕਤਸਰ ਵਿੱਚ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਭਤੀਜੇ ਨੇ ਆਪਣੇ ਤਾਏੇ ਨੂੰ ਹੀ ਮਾਰ ਮੁਕਾਇਆ। ਆਈਫੋਨ ਲੈਣ ਵਾਸਤੇ ਭਤੀਜੇ ਨੇ ਤਾਏ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਬੋਰੀ ਵਿੱਚ ਭਰ ਕੇ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦਿੱਤਾ।
ਘਟਨਾ ਗਿੱਦੜਬਾਹਾ ਦੇ ਪਿੰਡ ਮਧੀਰ ਦੀ ਹੈ। ਇੱਥੇ ਸਥਾਨਕ ਪੁਲਿਸ ਨੇ ਦੋਸ਼ੀ ਭਤੀਜੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ। ਦੋਸ਼ੀ ਦੀ ਪਛਾਣ ਸਹਿਜਪ੍ਰੀਤ ਸਿੰਘ ਵਾਸੀ ਗਿੱਦੜਬਾਹਾ, ਮਧੀਰ ਹਾਲ ਵਾਸੀ ਦੇ ਰੂਪ ਵਿੱਚ ਹੋਈ ਹੈ। ਕਤਲ ਤੋਂ ਬਾਅਦ ਦੋਸ਼ੀ ਨੇ ਤਾਏ ਦੇ ਬੈਂਕ ਖਾਤੇ ਵਿੱਚੋਂ 65 ਹਜ਼ਾਰ ਰੁਪਏ ਕਢਵਾ ਲਏ ਅਤੇ ਨਵਾਂ ਆਈਫੋਨ ਖਰੀਦ ਲਿਆ। ਦੂਜੇ ਪਾਸੇ ਕਤਲ ਦੇ 12 ਦਿਨ ਬਾਅਦ ਵੀ ਮ੍ਰਿਤਕ ਦੀ ਲਾਸ਼ ਨਹਿਰ ਵਿੱਚੋਂ ਨਹੀਂ ਮਿਲੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਧੀਰ ਵਾਸੀ ਬੂਟਾ ਸਿੰਘ ਨੇ ਦੱਸਿਆ ਕਿ 23 ਫਰਵਰੀ ਨੂੰ ਉਹ ਅਤੇ ਉਸ ਦਾ ਮੁੰਡਾ ਜਗਰੂਪ ਸਿੰਘ ਆਪਣੇ ਦੂਜੇ ਮੁੰਡੇ ਬਲਕਾਰ ਸਿੰਘ ਦੇ ਘਰ ਗਏ ਹੋਏ ਸਨ। ਇੱਥੇ ਜਗਰੂਪ ਸਿੰਘ ਘਰ ਹੀ ਰੁਕ ਗਿਆ ਸੀ। ਬਲਕਾਰ ਦੇ ਪੁੱਤਰ ਸਹਿਜਪ੍ਰੀਤ ਸਿੰਘ ਉਰਫ਼ ਸਹਿਜ ਨੂੰ ਪਤਾ ਸੀ ਕਿ ਤਾਏ ਜਗਰੂਪ ਦੇ ਬੈਂਕ ਖਾਤੇ ਵਿੱਚ ਪੈਸੇ ਹਨ। ਇਸ ’ਤੇ ਸਹਿਜਪ੍ਰੀਤ ਨੇ ਆਪਣੇ ਤਾਏ ਜਗਰੂਪ ਸਿੰਘ ਦਾ ਮਫਲਰ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਬੋਰੀ ਵਿੱਚ ਭਰ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ। ਬਾਅਦ ਵਿੱਚ ਉਸ ਨੇ ਕਿਸੇ ਤਰ੍ਹਾਂ ਜਗਰੂਪ ਸਿੰਘ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਲਏ ਅਤੇ ਨਵਾਂ ਆਈਫੋਨ ਖਰੀਦ ਲਿਆ।
ਇਹ ਵੀ ਪੜ੍ਹੋ : Online ਕਲਾਸ ਜੁਆਇਨ ਕਰਨਾ ਪਿਆ ਮਹਿੰਗਾ! ਬੰਦੇ ਦੇ ਖਾਤੇ ‘ਚੋਂ ਨਿਕਲੇ ਗਏ 64 ਲੱਖ ਰੁਪਏ
ਥਾਣਾ ਗਿੱਦੜਬਾਹਾ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਮ੍ਰਿਤਕ ਦੇ ਬੈਂਕ ਖਾਤੇ ਵਿੱਚੋਂ 65 ਹਜ਼ਾਰ ਰੁਪਏ ਕਢਵਾ ਕੇ ਨਵਾਂ ਆਈਫੋਨ ਖਰੀਦਿਆ ਸੀ। ਅਜੇ ਤੱਕ ਨਹਿਰ ‘ਚੋਂ ਲਾਸ਼ ਨਹੀਂ ਮਿਲੀ ਹੈ। ਮੁਲਜ਼ਮ ਸਹਿਜਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: