ਸੀ.ਐੱਮ. ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਇਕਲੌਤੀ ਮਹਿਲਾ ਮੰਤਰੀ ਬਣਨ ਵਾਲੇ ਫਰੀਦਕੋਟ ਦੇ ਵਸਨੀਕ ਡਾ. ਬਲਜੀਤ ਕੌਰ ਪੇਸ਼ੇ ਤੋਂ ਬੇਸ਼ੱਕ ਡਾਕਟਰ ਹਨ ਪਰ ਸਿਆਸਤ ਉਨ੍ਹਾਂ ਦੇ ਖੂਨ ਵਿਚ ਰਚੀ ਹੋਈ ਹੈ। ਉਨ੍ਹਾਂ ਦੇ ਪਿਤਾ ਪ੍ਰੋ. ਸਾਧੂ ਸਿੰਘ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਹਨ।
ਉਹ ਮਲੋਟ ਰਾਖਵੀਂ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 40,261 ਵੋਟਾਂ ਨਾਲ ਹਰਾ ਕੇ ਵਿਧਾਇਕ ਬਣੇ। ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਸੀ.ਐੱਮ. ਮਾਨ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਹਨ।
ਡਾ. ਬਲਜੀਤ ਕੌਰ ਮੂਲ ਤੌਰ ‘ਤੇ ਫਰੀਦਕੋਟ ਦੇ ਰਹਿਣ ਵਾਲੇ ਹਨ ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਮੁਕਤਸਰ ਦੇ ਸਿਵਲ ਹਸਪਤਾਲ ‘ਚ ਤਾਇਨਾਤ ਹੋਣ ਕਰਕੇ ਇਥੇ ਹੀ ਰਹਿ ਰਹੇ ਸਨ। ਉਨ੍ਹਾਂ ਦੇ ਪਤੀ ਦਲਜੀਤ ਸਿੰਘ ਪੀਐਸਪੀਸੀਐਲ ਕੋਟਕਪੂਰਾ ਵਿੱਚ ਬਤੌਰ ਐਕਸੀਅਨ (ਸਟੋਰ) ਤਾਇਨਾਤ ਹੈ। ਉਨ੍ਹਾਂ ਦੀਆਂ ਦੋ ਧੀਆਂ ਨਵਨੀਤ ਕੌਰ ਅਤੇ ਰਿਆਦੀਪ ਕੌਰ ਹਨ।
47 ਸਾਲਾ ਡਾ. ਬਲਜੀਤ ਕੌਰ ਲਗਭਗ 18 ਸਾਲਾਂ ਤੋਂ ਸਰਕਾਰੀ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦਸ ਸਾਲ ਮੁਕਤਸਰ ਦੇ ਸਿਵਲ ਹਸਪਤਾਲ ਵਿਚ ਸੇਵਾ ਨਿਭਾਈ। ਇਸੇ ਕਰਕੇ ਉਹ ਇਸ ਇਲਾਕੇ ਦੇ ਲੋਕਾਂ ਵਿੱਚ ਕਾਫੀ ਹਰਮਨ ਪਿਆਰੇ ਹਨ।
ਡਾ. ਬਲਜੀਤ ਕੌਰ ਨੇ ਸਿਹਤ ਵਿਭਾਗ ਨੂੰ ਪਿਛਲੇ ਸਾਲ ਅਗਸਤ ਵਿਚ ਤਿੰੰਨ ਮਹੀਨੇ ਦੇ ਨੋਟਿਸ ‘ਤੇ ਆਪਣਾ ਅਸਤੀਫ਼ਾ ਭੇਜਿਆ ਸੀ। ਉਹ ਅੱਖਾਂ ਦੇ ਮਾਹਰ ਡਾਕਟਰ ਰਹੇ ਹਨ ਤੇ ਚੋਣ ਪ੍ਰਚਾਰ ਵੇਲੇ ਵੀ ਉਹ ਪ੍ਰਚਾਰ ਘੱਟ ਤੇ ਲੋਕਾਂ ਦੀਆਂ ਨਜ਼ਰਾਂ ਜ਼ਿਆਦਾ ਚੈੱਕ ਕਰਦੇ ਨਜ਼ਰ ਆਏ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਜਿਵੇਂ ਹੀ ਵੋਟਾਂ ਖਤਮ ਹੋਈਆਂ ਉਹ ਇੱਕ ਸਮਾਜ ਸੇਵੀ ਸੰਸਥਾ ਦੇ ਚੈਰੀਟੇਬਲ ਹਸਪਤਾਲ ਵਿੱਚ ਆ ਕੇ ਮੁੜ ਮਰੀਜ਼ਾਂ ਦੀਆਂ ਅੱਖਾਂ ਦੇ ਇਲਾਜ ਦੀ ਸੇਵਾ ਵਿੱਚ ਜੁਟ ਗਏ।
ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਲਈ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਮਿਲੇਗੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀਆਂ ਆਸਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ।