ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਫਿਰੋਜ਼ਪੁਰ ਵਾਸੀ 22 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਤਿਨ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਵਜੋਂ ਹੋਈ ਹੈ। ਨਿਤਿਨ ਦੀ ਮੌਤ ਦੀ ਖਬਰ ਮਿਲਦਿਆਂ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਨਿਤਿਨ ਦੀ ਮ੍ਰਿਤਕ ਦੇਹ ਨੂੰ ਹੈਲਥ ਪਾਰਟਨਰਸ ਹਸਪਤਾਲ ਮਿਸੀਸਾਗਾ ਵਿਖੇ ਰੱਖਿਆ ਗਿਆ ਹੈ ਤੇ ਉਸ ਦੀ ਲਾਸ਼ ਨੂੰ ਭਾਰਤ ਲਿਜਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਾਸਤੇ ਹਸਪਤਾਲ ਵਿਚ 22 ਹਜ਼ਾਰ ਡਾਲਰ ਜਮ੍ਹਾ ਕਰਵਾਉਣੇ ਹਨ ਤੇ ਨਿਤਿਨ ਦੇ ਦੋਸਤਾਂ ਵੱਲੋਂ ਆਪਣੇ ਫੇਸਬੁੱਕ ਪੇਜ ਰਾਹੀਂ ਮਦਦ ਦੀ ਗੁਹਾਰ ਲਗਾਈ ਗਈ ਹੈ ਤਾਂ ਜੋ ਜਲਦ ਤੋਂ ਜਲਦ ਨਿਤਿਨ ਦੀ ਮ੍ਰਿਤਕ ਦੇਹ ਫਿਰੋਜ਼ਪੁਰ ਪਹੁੰਚਾਈ ਜਾ ਸਕੇ।
ਇਹ ਵੀ ਪੜ੍ਹੋ : ਸ਼ਿਲਾਂਗ ‘ਚ ਸਿੱਖਾਂ ਨੂੰ ਘਰ ਖਾਲੀ ਕਰਨ ਦੇ ਹੁਕਮ, ਪੰਜਾਬ ਸਰਕਾਰ ਨੇ ਪ੍ਰਗਟ ਕੀਤਾ ਸਖਤ ਵਿਰੋਧ
ਨਿਤਿਨ ਦੇ ਪਿਤਾ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਉਸ ਦਾ ਪੁੱਤਰ ਕੈਨੇਡਾ ਵਿਖੇ ਕੁਝ ਲੜਕਿਆਂ ਨਾਲ ਰਹਿੰਦਾ ਸੀ। ਉਨ੍ਹਾਂ ਨੇ ਹੀ ਨਿਤਿਨ ਨਾਲ ਝਗੜਾ ਕੀਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਦੋਸਤ ਨਿਤਿਨ ਨੂੰ ਪੈਸੇ ਦੇਣ ਲਈ ਤੰਗ-ਪ੍ਰੇਸ਼ਾਨ ਕਰ ਰਹੇ ਸਨ ਤੇ ਉਸ ਕੋਲੋਂ ਮੋਬਾਈਲ ਫੋਨ ਦਾ ਪਾਸਵਰਡ ਵੀ ਮੰਗ ਰਹੇ ਸਨ ਤੇ ਜਦੋਂ ਨਿਤਿਨ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਦੋਸਤਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ‘ਤੇ ਵਾਰ ਕੀਤੇ। ਨਿਤਿਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਕੁਝ ਦਿਨਾਂ ਬਾਅਦ ਭਾਵੇਂ ਉਸ ਨੂੰ ਛੁੱਟੀ ਮਿਲ ਗਈ ਪਰ ਇਸ ਦੇ ਬਾਵਜੂਦ ਨਿਤਿਨ ਦੇ ਸਿਰਦਰਦ ਹੁੰਦਾ ਰਹਿੰਦਾ ਸੀ।
ਮ੍ਰਿਤਕ ਦੇ ਪਿਤਾ ਮੁਤਾਬਕ ਨਿਤਿਨ ਨੂੰ ਫਿਰ ਤੋਂ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਬ੍ਰੇਨ ਸਰਜਰੀ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਨਿਤਿਨ ਦੇ ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ ਕਾਰਨ ਉਸ ਦੀ ਮੌਤ ਹੋਈ ਹੈ। ਹਮਲਾ ਕਰਨ ਵਾਲੇ ਸਾਰੇ ਨੌਜਵਾਨ ਜਿਲ੍ਹਾ ਫਿਰੋਜ਼ਪੁਰ ਦੇ ਹੀ ਹਨ। ਨਿਤਿਨ ਦੇ ਪਿਤਾ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਹੀ ਮੁਸ਼ੱਕਤ ਨਾਲ ਉਸ ਨੂੰ ਕੈਨੇਡਾ ਭੇਜਿਆ ਸੀ ਪਰ ਨਿਤਿਨ ਦੀ ਮੌਤ ਦੀ ਖਬਰ ਮਿਲਦਿਆਂ ਹੀ ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ।
ਦੇਖੋ ਵੀਡੀਓ :