ਕੁਲਵੰਤ ਕੌਰ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋ ਕੇ 16 ਸਾਲ ਤੱਕ ਬੈਡ ‘ਤੇ ਪਈ ਇਨਸਾਫ਼ ਦੀ ਮੰਗ ਨੂੰ ਲੈ ਕੇ ਚਿੱਠੀਆਂ ਲਿਖ ਰਹੀ ਸੀ। ਆਖਰਕਾਰ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਪਰ ਮਰਦੇ ਦਮ ਤੱਕ ਉਹ ਇਨਸਾਫ਼ ਦੀ ਤਲਾਸ਼ ਕਰਦੀ ਰਹੀ। ਉਹ ਆਪਣੇ ਆਖਰੀ ਸਾਹ ਤੱਕ ਪੰਜਾਬ ਦੇ ਮੁੱਖ ਮੰਤਰੀ ਤੋਂ ਇਨਸਾਫ਼ ਦੀ ਮੰਗ ਕਰਦੀ ਰਹੀ।
ਮਾਮਲੇ ਵਿੱਚ ਕਈ ਵਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਪਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੁਲਿਸ ਮਾਮਲੇ ਨੂੰ ਰਫ਼ਾ-ਦਫ਼ਾ ਕਰਦੀ ਰਹੀ। ਕੁਲਵੰਤ ਕੌਰ ਨੂੰ ਇਨਸਾਫ ਦਿਵਾਉਣ ਲਈ ਸਰਬਜੀਤ ਕੌਰ ਮਾਣੂਕੇ ਅਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਭਰੋਸਾ ਦਿੱਤਾ ਸੀ। ਪਰ, ਕੁਲਵੰਤ ਕੌਰ ਨੂੰ ਅੰਤ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ।
ਆਪਣੀ ਭੈਣ ਦੇ ਇਨਸਾਫ਼ ਲਈ ਧੱਕੇ ਖਾ ਰਹੇ ਰਸੂਲਪੁਰ ਦੇ ਇਕਬਾਲ ਸਿੰਘ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਨੁਸੂਚਿਤ ਜਾਤੀ ਕਮਿਸ਼ਨ ਨੇ 28 ਮਈ ਨੂੰ ਐਸਐਸਪੀ ਨੂੰ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਕੇ ਕਾਰਵਾਈ ਦੀ ਰਿਪੋਰਟ 15 ਦਿਨਾਂ ਵਿੱਚ ਮੰਗੀ ਸੀ। ਪਰ, ਅਜਿਹਾ ਕੁਝ ਨਹੀਂ ਹੋਇਆ। ਇਕਬਾਲ ਨੇ ਦੱਸਿਆ ਕਿ 21 ਜੁਲਾਈ 2005 ਨੂੰ ਥਾਣਾ ਸਿਟੀ ਦੇ ਇੰਚਾਰਜ ਨੇ ਉਸ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਕੀਤਾ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਉਸ ਦੀ ਮਾਂ ਅਤੇ ਭੈਣ ਨੂੰ ਥਾਣੇ ਲੈ ਕੇ ਜਾ ਕੇ ਕੁਲਵੰਤ ਕੌਰ ਨੂੰ ਬਿਜਲੀ ਦਾ ਕਰੰਟ ਲਗਾਕੇ ਉਸ ਨੂੰ ਅਪਾਹਜ ਬਣਾ ਦਿੱਤਾ ਅਤੇ ਆਪਣੀ ਗਲਤੀ ਛੁਪਾਉਣ ਲਈ 22 ਜੁਲਾਈ ਨੂੰ ਉਸ ਨੂੰ ਕਤਲ ਦੇ ਕੇਸ ਵਿੱਚ ਫਸਾ ਕੇ ਜੇਲ੍ਹ ਭੇਜ ਦਿੱਤਾ। ਪਰ 28 ਮਾਰਚ 2014 ਨੂੰ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ। ਇਕਬਾਲ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ।
2005 ਵਿੱਚ ਜਗਰਾਉਂ ਵਿੱਚ ਇੱਕ ਨਾਬਾਲਗ ਕੁੜੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ। ਇਸ ਦੋਸ਼ ਵਿਚ ਇਕਬਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿਚ ਇਕਬਾਲ ਬੇਕਸੂਰ ਸਾਬਤ ਹੋ ਗਿਆ। ਪਰ ਪੁਲਿਸ ਦੇ ਜ਼ੁਲਮਾਂ ਕਾਰਨ ਇਕਬਾਲ ਦੀ ਭੈਣ ਦੀ ਜ਼ਿੰਦਗੀ ਬਰਬਾਦ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: