ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਇਲਜ਼ਾਮ ਲਾਏ ਹਨ। ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਿਹੜੀ ਵੀ ਪੋਸਟਿੰਗ ਪੰਜਾਬ ‘ਚ ਹੋਈ ਉਹ ਕੋਈ ਵੀ ਬਿਨਾਂ ਟੈਚੀ ਦੇ ਨਹੀਂ ਹੋਈ ਅਤੇ ਨਾ ਅਰੂਸਾ ਆਲਮ ਨੂੰ ਗਿਫਟ ਦਿੱਤੇ ਬਿਨਾਂ ਹੋਈ। ਕੈਪਟਨ ਸਰਕਾਰ ਦੇ ਰਾਜ ਵਿੱਚ ਅਰੂਸਾ ਆਲਮ ਹੀ ਪੰਜਾਬ ਪੁਲਿਸ ਦੀ ਡੀ. ਜੀ. ਪੀ. ਸੀ।
ਉਨ੍ਹਾਂ ਦੋਸ਼ ਲਾਇਆ ਕਿ ਅਰੂਸਾ ਆਲਮ ਤੋਂ ਬਿਨਾਂ ਪੰਜਾਬ ਵਿਚ ਕੋਈ ਮੰਤਰੀ, ਸੰਤਰੀ ਨਹੀਂ ਸੀ ਲੱਗਦਾ, ਇਥੋਂ ਤੱਕ ਕਿ ਕੋਈ ਐੱਸ. ਐੱਚ. ਓ., ਐੱਸ. ਐੱਸ. ਪੀ. ਵੀ ਨਹੀਂ ਸੀ ਲੱਗਦਾ। ਹਰ ਕੰਮ ਉਸੇ ਦੀ ਸਹਿਮਤੀ ਨਾਲ ਹੁੰਦਾ ਸੀ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਰੂਸਾ ਟੈਚੀ ਲੈ ਕੇ ਦੁਬਈ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਹਰ ਬੰਦਾ ਅਰੂਸਾ ਕੋਲ ਡਾਇਮੰਡ ਦੇ ਸੈੱਟ ਤੋਂ ਬਿਨਾਂ ਨਹੀਂ ਸੀ ਜਾਂਦਾ ਅਤੇ ਕੋਈ ਬੰਦਾ ਚੇਅਰਮੈਨ ਟੈਚੀ ਤੋਂ ਬਿਨਾਂ ਨਹੀਂ ਸੀ ਬਣਦਾ ਅਤੇ ਕੋਈ ਵੱਡੀ ਪੁਲਿਸ ਦੀ ਪੋਸਟਿੰਗ ਅਰੂਸਾ ਆਲਮ ਤੋਂ ਬਿਨਾਂ ਨਹੀਂ ਸੀ ਹੁੰਦੀ। ਉਨ੍ਹਾਂ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਓਪਨ ਸੀਕ੍ਰੇਟ ਹੈ ਕਿ ਉਹ ਪੰਜਾਬ ਦਾ ਪੈਸਾ ਲੈ ਕੇ ਫਰਾਰ ਹੋ ਗਈ ਹੈ। ਹੁਣ ਕੈਪਟਨ ਸਾਹਬ ਨੂੰ ਚਾਹੀਦਾ ਹੈ ਕਿ ਉਸ ਦੇ ਪਿੱਛੇ-ਪਿੱਛੇ ਜਾਣ ਅਤੇ ਪੈਸੇ ‘ਤੇ ਨਿਗਾਹ ਰੱਖਣ ਨਹੀਂ ਤਾਂ ਇਹ ਪੈਸਾ ਵੀ ਉਨ੍ਹਾਂ ਹੱਥੋਂ ਨਿਕਲ ਜਾਵੇਗਾ।
ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਨੂੰ ਚਾਹੀਦਾ ਹੈ ਕਿ ਉਮਰ ਜ਼ਿਆਦਾ ਹੋ ਗਈ ਹੈ, ਹੁਣ ਉਹ ਪਾਠ ਪੂਜਾ ਕਰਨ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਕੈਪਟਨ ਦੀ ਨਵੀਂ ਪਾਰਟੀ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ। ਸਿੱਧੂ ਦੇ ਹਲਕੇ ਨਾਲ ਕੈਪਟਨ ਰਾਜ ਵਿੱਚ ਪੱਖਪਾਤ ਕੀਤਾ ਗਿਆ ਸੀ ਪਰ ਹੁਣ ਅਸੀਂ ਵੱਡੇ ਪੱਧਰ ‘ਤੇ ਵਿਕਾਸ ਕਰਵਾਵਾਂਗੇ।
ਵੀਡੀਓ ਲਈ ਕਲਿੱਕ ਕਰੋ -: