corona moga increase Dengue patients: ਸੂਬੇ ਭਰ ‘ਚ ਜਿੱਥੇ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੁਣ ਮੋਗਾ ਜ਼ਿਲ੍ਹੇ ‘ਚ ਇਸ ਮਹਾਮਾਰੀ ਦੇ ਨਾਲ ਡੇਂਗੂ ਦੀ ਦਸਤਕ ਨੇ ਸਿਹਤ ਵਿਭਾਗ ਲਈ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮੋਗਾ ਦੇ ਸਰਕਾਰੀ ਹਸਪਤਾਲ ‘ਚ ਹੁਣ ਤੱਕ ਡੇਂਗੂ ਦੇ 38 ਤੋਂ ਵੱਧ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਸਬੰਧੀ ਸਰਕਾਰੀ ਹਸਪਤਾਲ ਦੇ ਐੱਮ.ਡੀ. ਡਾਕਟਰ ਅਜਵਿੰਦਰ ਸਿੰਘ ਅਤੇ ਲੈਬ ਟੈਕਨੀਸ਼ੀਅਨ ਰਿਤਿਕਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਜੇਕਰ 5 ਮਰੀਜ਼ਾਂ ਦੇ ਟੈਸਟ ਕੀਤੇ ਜਾ ਰਹੇ ਹਨ ਤਾਂ ਉਨ੍ਹਾਂ ‘ਚੋਂ 3-4 ਮਰੀਜ਼ ਡੇਂਗੂ ਦੇ ਪਾਏ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਾਰੇ ਮਰੀਜ਼ਾਂ ਦੇ ਟੈਸਟ ਫਰੀ ਕੀਤੇ ਜਾ ਰਹੇ ਹਨ ਅਤੇ ਸਾਰਿਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚੋਂ ਫ੍ਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸਭ ਤੋਂ ਵੱਡੀ ਪਰੇਸ਼ਾਨੀ ਵਾਲੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਟੈਸਟਿੰਗ ਕਰਵਾਉਣ ਪਹੁੰਚੇ ਲੋਕਾਂ ਦੀ ਵੱਡੀ ਗਿਣਤੀ ‘ਚ ਜਮਵਾੜਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆ ਜਾ ਰਹੀਆਂ ਹਨ। ਦੂਜੇ ਪਾਸੇ ਡਾਕਟਰਾਂ ਵੱਲ਼ੋਂ ਲੋਕਾਂ ਨੂੰ ਸਾਵਧਾਨੀ ਨੂੰ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਪੰਜਾਬ ‘ਚ ਹੁਣ ਤੱਕ 34400 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 21,762 ਮਰੀਜ਼ ਠੀਕ ਹੋ ਚੁੱਕੇ, ਬਾਕੀ 11740 ਮਰੀਜ ਇਲਾਜ਼ ਅਧੀਨ ਹਨ। ਪੀੜਤ 336 ਮਰੀਜ਼ ਆਕਸੀਜਨ ਅਤੇ 37 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ , ਜਿਨ੍ਹਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਹੁਣ ਤੱਕ 898 ਮਰੀਜ਼ ਦਮ ਤੋੜ ਚੁੱਕੇ ਹਨ।