ਪੰਜਾਬ ਵਿੱਚ ਕੋਵਿਡ-19 ਨੇ ਮੁੜ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ। ਪਿਛਲੇ 6 ਦਿਨਾਂ ‘ਚ ਪੰਜਾਬ ‘ਚ ਕੋਰੋਨਾ ਦੇ 36 ਐਕਟਿਵ ਮਾਮਲੇ ਸਾਹਮਣੇ ਆਏ ਹਨ। 30 ਨਵੰਬਰ ਨੂੰ ਕੇਸ 325 ਸਨ, ਜੋ 5 ਦਸੰਬਰ ਨੂੰ ਵੱਧ ਕੇ 361 ਹੋ ਗਏ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਹੁਣ ਤੱਕ ਪੰਜਾਬ ਵਿੱਚ ਕੋਵਿਡ ਦੇ ਓਮੀਕਰੋਨ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।
ਪਰ ਪੰਜਾਬ ਵਿੱਚ ਹੋਣ ਵਾਲੀਆਂ ਚੋਣ ਰੈਲੀਆਂ ਵਿੱਚ ਭੀੜ ਇਕੱਠੀ ਹੋਣ ਕਾਰਨ ਓਮੀਕਰੋਨ ਦਾ ਖ਼ਤਰਾ ਜ਼ਰੂਰ ਬਣਿਆ ਹੋਇਆ ਹੈ। ਕੋਰੋਨਾ ਦੀ ਤੀਸਰੀ ਲਹਿਰ ਦੇ ਖਤਰੇ ਵਿਚਕਾਰ ਸੂਬੇ ‘ਚ 3 ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੰਜਾਬ ਨੇ ਸਰਹੱਦ ‘ਤੇ ਅਜੇ ਤੱਕ ਕੋਈ ਸਖ਼ਤੀ ਨਹੀਂ ਕੀਤੀ। ਪੰਜਾਬ ਵਿੱਚ 30 ਨਵੰਬਰ ਨੂੰ ਕੋਰੋਨਾ ਦੇ 325 ਐਕਟਿਵ ਕੇਸ ਸਨ, ਜੋ 1 ਦਸੰਬਰ ਨੂੰ 331, 2 ਦਸੰਬਰ ਨੂੰ 344, 3 ਦਸੰਬਰ ਨੂੰ 359 ਹੋ ਗਏ। ਹਾਲਾਂਕਿ, 4 ਦਸੰਬਰ ਨੂੰ, ਅੰਕੜਿਆਂ ਵਿੱਚ ਮਾਮੂਲੀ ਕਮੀ ਆਈ ਅਤੇ ਐਕਟਿਵ ਕੇਸ 347 ਰਹੇ। ਪਰ 5 ਦਸੰਬਰ ਨੂੰ ਮੁੜ ਕੇਸ ਵਧ ਕੇ 361 ਹੋ ਗਏ।
ਪੰਜਾਬ ਵਿੱਚ ਸਿਹਤ ਮੰਤਰਾਲੇ ਦੀ ਦੇਖ-ਰੇਖ ਕਰ ਰਹੇ ਡਿਪਟੀ ਸੀਐੱਮ ਓਪੀ ਸੋਨੀ ਨੇ ਰੋਜ਼ਾਨਾ 40 ਹਜ਼ਾਰ ਕਰੋਨਾ ਟੈਸਟ ਕਰਵਾਉਣ ਲਈ ਕਿਹਾ ਸੀ। ਇਸ ਹੁਕਮ ਨੂੰ ਲਗਪਗ ਇੱਕ ਹਫ਼ਤਾ ਬੀਤ ਚੁੱਕਾ ਹੈ। ਪਰ ਕੋਵਿਡ ਦੇ ਟੈਸਟ 17 ਹਜ਼ਾਰ ਤੋਂ ਵਧ ਕੇ ਸਿਰਫ 30 ਹਜ਼ਾਰ ਹੋ ਗਏ ਹਨ। ਪਿਛਲੇ 3 ਦਿਨਾਂ ਵਿੱਚ, 30 ਹਜ਼ਾਰ ਤੋਂ ਵੱਧ ਕੋਵਿਡ ਟੈਸਟ ਕੀਤੇ ਗਏ ਹਨ।
ਪੰਜਾਬ ਵਿੱਚ ਕੋਵਿਡ ਮਹਾਮਾਰੀ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਹੁਣ ਤੱਕ 6 ਲੱਖ 3 ਹਜ਼ਾਰ 488 ਪਾਜ਼ੀਟਿਵ ਮਰੀਜ਼ ਹਨ। ਇਨ੍ਹਾਂ ‘ਚੋਂ 16 ਹਜ਼ਾਰ 608 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ 5 ਲੱਖ 86 ਹਜ਼ਾਰ 519 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਸਮੇਂ 49 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਹਨ। 38 ਮਰੀਜ਼ ਆਕਸੀਜਨ ‘ਤੇ ਹਨ ਅਤੇ 13 ਆਈਸੀਯੂ ‘ਚ ਹਨ। ਡਿਪਟੀ ਸੀਐੱਮ ਓਪੀ ਸੋਨੀ ਨੇ ਕਿਹਾ ਹੈ ਕਿ ਸੂਬੇ ਵਿੱਚ ਹੁਣ ਤੱਕ ਓਮੀਕਰੋਨ ਵੇਰੀਐਂਟ ਦਾ ਕੋਈ ਕੇਸ ਨਹੀਂ ਮਿਲਿਆ ਹੈ। ਸਰਕਾਰ ਨੇ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਹਨ। ਸਿਹਤ ਵਿਭਾਗ ਦੀਆਂ ਟੀਮਾਂ ਸਾਰੇ ਹਵਾਈ ਅੱਡਿਆਂ ‘ਤੇ ਯਾਤਰੀਆਂ ਦੀ ਜਾਂਚ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: