ਪੰਜਾਬ ਦੇ ਕਪੂਰਥਲਾ ਸ਼ਹਿਰ ਦੇ ਨਿਜ਼ਾਮਪੁਰ ‘ਚ ਮੌਬ ਲਿੰਚਿੰਗ ‘ਚ ਮਾਰੇ ਗਏ ਨੌਜਵਾਨ ਦਾ ਪੁਲਿਸ ਅੱਜ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਏਗੀ। ਨੌਜਵਾਨ ਦੀ ਲਾਸ਼ ਨੂੰ ਵੀ ਪੁਲੀਸ ਨੇ 72 ਘੰਟਿਆਂ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ, ਤਾਂ ਜੋ ਜੇਕਰ ਕੋਈ ਉਸ ਨੂੰ ਪਛਾਣਦਾ ਹੈ ਤਾਂ ਉਸ ਨੂੰ ਉਥੋਂ ਲਿਜਾਇਆ ਜਾ ਸਕੇ। ਪਰ ਅਜੇ ਤੱਕ ਕਿਸੇ ਨੇ ਵੀ ਮ੍ਰਿਤਕ ਦੀ ਪਛਾਣ ਨਹੀਂ ਕੀਤੀ ਹੈ। ਹੁਣ ਪੁਲਿਸ ਵੱਲੋਂ 72 ਘੰਟਿਆਂ ਦੀ ਜੋ ਵਿਧੀ ਅਪਣਾਈ ਗਈ ਸੀ, ਉਸ ਦੀ ਮਿਆਦ ਵੀ ਕੱਲ੍ਹ ਖ਼ਤਮ ਹੋ ਗਈ ਹੈ। ਪੁਲੀਸ ਅੱਜ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਮੌਤ ਦੇ ਕਾਰਨਾਂ ਦੀ ਜਾਂਚ ਕਰੇਗੀ। ਜ਼ਿਕਰਯੋਗ ਹੈ ਕਿ ਨਿਜ਼ਾਮਪੁਰ ਗੁਰਦੁਆਰਾ ਸਾਹਿਬ ‘ਚ ਨੌਜਵਾਨ ਨੂੰ ਬੇਅਦਬੀ ਦੇ ਸ਼ੱਕ ‘ਚ ਫੜਿਆ ਗਿਆ ਸੀ ਅਤੇ ਉਥੇ ਇਕੱਠੇ ਹੋਏ ਲੋਕਾਂ ਨੇ ਨੌਜਵਾਨ ਦੇ ਸਰੀਰ ‘ਤੇ ਕਈ ਵਾਰ ਤਲਵਾਰਾਂ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
ਦੱਸ ਦਈਏ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੇਕਰ ਨੌਜਵਾਨ ਦੀ ਹੱਤਿਆ ਗੁੱਸੇ ‘ਚ ਆਈ ਭੀੜ ਨੇ ਕੀਤੀ ਤਾਂ ਪੁਲਸ ਕਤਲ ਦਾ ਮਾਮਲਾ ਵੀ ਦਰਜ ਕਰ ਸਕਦੀ ਹੈ। ਕਤਲ ਤੋਂ ਬਾਅਦ ਵਾਇਰਲ ਹੋਈ ਵੀਡੀਓ ਅਤੇ ਜਿਸ ਇਲਾਕੇ ‘ਚ ਇਹ ਵੀਡੀਓ ਬਣੀ ਹੈ, ਉਸ ਇਲਾਕੇ ਦੇ ਘਰਾਂ ਅਤੇ ਹੋਰ ਅਦਾਰਿਆਂ ‘ਤੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਸਬੂਤਾਂ ਦੇ ਆਧਾਰ ‘ਤੇ ਕਤਲ ਕੇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਫਿਲਹਾਲ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਬਿਆਨਾਂ ‘ਤੇ 295 ਏ ਦਾ ਮਾਮਲਾ ਦਰਜ ਕਰ ਲਿਆ ਹੈ। ਪਰ ਜਲਦੀ ਹੀ ਪੁਲਿਸ ਹੁਣ ਕਤਲ ਦਾ ਮਾਮਲਾ ਵੀ ਦਰਜ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: