5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਪਹੁੰਚ ਚੁੱਕੀ ਹੈ। ਬੇਟਾ ਸੁਖਬੀਰ ਬਾਦਲ ਅਤੇ ਭਤੀਜੇ ਮਨਪ੍ਰੀਤ ਬਾਦਲ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਾਹਰ ਲਿਆਂਦਾ।
ਇਸ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਵਿੱਚ ਅੰਤਿਮ ਦਰਸ਼ਨਾਂ ਲਈ ਲਿਆਂਦਾ ਗਿਆ। ਇੱਥੇ ਦਾਦੇ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਪੋਤਾ ਅਨੰਤਬੀਰ ਭਾਵੁਕ ਨਜ਼ਰ ਆਇਆ। ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ‘ਤੇ ਪਾਰਟੀ ਦਾ ਝੰਡਾ ਰਖਿਆ ਗਿਆ ਹੈ।
ਸਾਬਕਾ ਮੁੱਖ ਮੰਤਰੀ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸਾਰੇ ਅਕਾਲੀ ਆਗੂ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਦੇ ਸਮਰਥਕ ਵੀ ਇੱਥੇ ਇਕੱਠੇ ਹੋ ਰਹੇ ਹਨ। ਆਖਰੀ ਵਿਦਾਈ ਦੇਣ ਲਈ ਦੂਜੇ ਸੂਬਿਆਂ ਤੋਂ ਵੀ ਵੱਡੀਆਂ ਸਿਆਸੀ ਸ਼ਖਸੀਅਤਾਂ ਚੰਡੀਗੜ੍ਹ ਪਹੁੰਚੀਆਂ, ਜਿਨ੍ਹਾਂ ਵਿੱਚ ਹਰਿਆਣਾ ਦੇ ਸਾਬਕਾ ਸੀ.ਐੱਮ. ਓਮ ਪ੍ਰਕਾਸ਼ ਚੌਟਾਲਾ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਥੋੜ੍ਹੀ ਹੀ ਦੇਰ ਵਿੱਚ ਸ. ਬਾਦਲ ਦੇ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਪਹੁੰਚ ਰਹੇ ਹਨ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ 95 ਸਾਲਾਂ ਦੇ ਸਨ ਉਨ੍ਹਾਂ ਨੇ ਫੋਰਟਿਸ ਹਸਪਤਾਲ ਵਿੱਚ ਮੰਗਲਵਾਰ ਦੇਰ ਸ਼ਾਮ ਅੰਤਿਮ ਸਾਹ ਲਿਆ।
ਪਾਰਟੀ ਦਫਤਰ ਵਿੱਚ ਅੰਤਿਮ ਦਰਸ਼ਨਾਂ ਮਗਰੋਂ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਵੇਗੀ। ਇਹ ਯਾਤਰਾ ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ, ਰਾਮਪੁਰਾ ਫੂਲ, ਬਠਿੰਡਾ ਤੋਂ ਹੁੰਦੀ ਹੋਈ ਪਿੰਡ ਬਾਦਲ ਪਹੁੰਚੇਗੀ। ਭਲਕੇ ਯਾਨੀ ਵੀਰਵਾਰ ਨੂੰ ਦੁਪਹਿਰ 1 ਵਜੇ ਜੱਦੀ ਪਿੰਡ ਬਾਦਲ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ‘ਬਾਦਲ ਸਾਹਿਬ ਦੀ ਅਧੂਰੀ ਇੱਛਾ- ਸੁਖਬੀਰ ਤੇ ਮਨਪ੍ਰੀਤ ਨੂੰ ਮੁੜ ਪਾਰਟੀ ‘ਚ ਇਕੱਠੇ ਵੇਖਣਾ ਚਾਹੁੰਦੇ ਸਨ’