ਪੰਜਾਬ ਵਿੱਚ, ਵਿਰੋਧੀ ਧਿਰ ਭਾਜਪਾ ਦੇ ਇੱਕ ਨੇਤਾ, ਥੁਰੂ ਰਾਮ ਕਟਾਲ ਦੇ ਪੁੱਤਰ ਵਿਸ਼ਾਲ ਹੱਤਿਆ ਦਾ ਮਾਮਲਾ ਸੁਰਖੀਆਂ ਵਿੱਚ ਹੈ। ਹਾਈਕੋਰਟ ਨੇ ਇਸ ਮਾਮਲੇ ‘ਤੇ ਪੰਜਾਬ ਸਰਕਾਰ ਅਤੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਇਸ ਤੋਂ ਇਲਾਵਾ ਹਾਈਕੋਰਟ ਨੇ ਇਸ ਮਾਮਲੇ ਵਿੱਚ ਪਠਾਨਕੋਟ ਪੁਲਿਸ ਤੋਂ ਹੁਣ ਤੱਕ ਦੀ ਸਟੇਟਸ ਰਿਪੋਰਟ ਵੀ ਮੰਗੀ ਹੈ। ਹਾਈ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਮਹੀਨੇ ਹੋਵੇਗੀ। ਜਿਸ ਦੀ ਮਿਤੀ 17 ਨਵੰਬਰ ਦਿੱਤੀ ਗਈ ਹੈ।
ਦਰਅਸਲ, ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਮ੍ਰਿਤਕ ਵਿਸ਼ਾਲ ਦੇ ਵੱਡੇ ਭਰਾ ਵਿਨੇ ਵਲੋਂ ਨਿਆ ਦੀ ਮੰਗ ਕੀਤੀ ਗਈ ਸੀ। ਉਸਨੇ ਕਿਹਾ ਕਿ, ਮੇਰੇ ਭਰਾ ਨੂੰ 2020 ਵਿੱਚ ਅਗਵਾ ਕਰਕੇ ਮਾਰ ਦਿੱਤਾ ਗਿਆ ਸੀ। ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਅਤੇ ਜੰਮੂ -ਕਸ਼ਮੀਰ ਸਰਹੱਦ ਨੇੜੇ ਸੁੱਟ ਦਿੱਤਾ ਗਿਆ ਸੀ। ਉਦੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੋਈ ਸੀ। ਵਿਨੇ ਦੇ ਅਨੁਸਾਰ, ਪਠਾਨਕੋਟ ਪੁਲਿਸ ਨੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ, ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਸੱਟ ਦੱਸੀ ਗਈ ਸੀ। ਅਜਿਹੇ ਵਿੱਚ ਵਿਨੇ ਦੀ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਦੂਜੇ ਪਾਸੇ ਇਸ ਮਾਮਲੇ ‘ਤੇ ਹਾਈ ਕੋਰਟ ਤੋਂ ਸੀਬੀਆਈ ਨੂੰ ਨੋਟਿਸ ਭੇਜਿਆ ਗਿਆ ਹੈ।