ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਯੋਗ ਅਗਵਾਈ ਹੇਠ ਬਰਨਾਲਾ ਦੀ ਅਨਾਜ ਮੰਡੀ ਵਿਖੇ “ਚਿਤਾਵਨੀ ਕਿਸਾਨ ਰੈਲੀ” ਕਰਵਾਈ ਗਈ ਜਿਸ ਵਿਚ 70 ਹਜ਼ਾਰ ਦੇ ਕਰੀਬ ਕਿਸਾਨਾਂ, ਮਜ਼ਦੂਰਾਂ,ਨੌਜਵਾਨਾਂ ਅਤੇ ਔਰਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਚਿਤਾਵਨੀ ਕਿਸਾਨ ਰੈਲੀ ਵਿੱਚ ਪੰਜਾਬ,ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੋਂ ਇਲਾਵਾ ਕਈ ਹੋਰ ਰਾਜਾਂ ਦੇ ਕਿਸਾਨ,ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਸਮੇਤ ਪੰਜਾਬੀ ਗਾਇਕਾਂ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੱਤੀ ਕਿ ਸੈਂਟਰ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਨਿਸ਼ਾਨੇ ਤੇ ਲਿਆ ਕੇ ਝੂਠੇ ਵਾਅਦਿਆਂ ਨਾਲ ਲੁੱਟਿਆ ਕੁੱਟਿਆ ਜਾ ਰਿਹਾ ਹੈ। ਜਿਸ ਲਈ ਚਿਤਾਵਨੀ ਕਿਸਾਨ ਰੈਲੀ ਰਾਹੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ।
ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਰੈਲੀ ਦਾ ਮੁੱਖ ਕਾਰਨ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਦੇ ਇਸ਼ਾਰੇ ‘ਤੇ ਝੋਨਾ 25 ਕੁਇੰਟਲ ਪ੍ਰਤੀ ਏਕੜ ਹੀ ਖ਼ਰੀਦ ਕਰਨ, ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫਸਲ ਖ਼ਰਾਬ ਹੋਣ ਦੇ ਮੁਆਵਜ਼ੇ ਦਾ ਕੋਈ ਵੀ ਐਲਾਨ ਨਾ ਕਰਨ, 26 ਜਨਵਰੀ ਨੂੰ ਕਿਸਾਨੀ ਸੰਘਰਸ ਵਿੱਚ ਸ਼ਹੀਦ ਕਿਸਾਨਾ ਦੀ ਤਰ੍ਹਾਂ ਪੰਜਾਬ ਵਿੱਚ ਕਿਸਾਨੀ ਸੰਘਰਸ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਕਰਨ ਲਈ ਅੱਜ ਚਿਤਾਵਨੀ ਕਿਸਾਨ ਰੈਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਅਤੇ ਨੌਜਵਾਨਾਂ ਨੂੰ ਨੌਕਰੀਆਂ ਦਾ ਵਾਅਦਾ ਕੀਤਾ ਸੀ ਜੋ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਕਿਸਾਨ ਸੰਘਰਸ਼ ਰਾਹੀਂ ਬੀਜੇਪੀ ਪਾਰਟੀ ਨਾਲ ਲੋਹਾ ਲੈ ਸਕਦੇ ਹਨ ਤਾਂ ਪੰਜਾਬ ਸਰਕਾਰ ਵੀ ਕੁਝ ਨਹੀਂ ਲੱਗਦੀ ਅਤੇ ਕੀਤੇ ਹੋਏ ਵਾਅਦਿਆਂ ਨੂੰ ਮਨਾਉਣ ਲਈ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਵੀ ਸੰਘਰਸ਼ ਉਲੀਕਿਆ ਜਾ ਸਕਦਾ ਹੈ।
ਬਿਜਲੀ ਸੰਕਟ ਤੇ ਉਨ੍ਹਾਂ ਬੋਲਦੇ ਕਿਹਾ ਕਿ ਕਿਸਾਨਾਂ ਦਾ ਝੋਨਾ,ਆਲੂਆਂ ਸਮੇਤ ਹੋਰ ਫਸਲਾਂ ਲਈ ਪਾਣੀ ਦੀ ਲੋੜ ਹੈ ਪਰ ਪੰਜਾਬ ਸਰਕਾਰ ਨੇ 2 ਥਰਮਲ ਬੰਦ ਕਰਕੇ ਪੰਜਾਬ ਅੰਦਰ ਬਿਜਲੀ ਸੰਕਟ ਜਾਣ ਬੁੱਝ ਕੇ ਪੈਦਾ ਕਰ ਦਿੱਤਾ ਹੈ। ਬਿਜਲੀ ਸਮੱਸਿਆ ਲਈ ਪੰਜਾਬ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ.ਜੋ ਬਿਜਲੀ ਸੰਕਟ ਨੂੰ ਜਲਦ ਪੂਰਾ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਰਾਹਤ ਦੇਵੇ। ਉਨ੍ਹਾਂ ਸੈਂਟਰ ਸਰਕਾਰ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕ ਜਾਗਰੂਕ ਅਤੇ ਇਕੱਠੇ ਹੋ ਚੁੱਕੇ ਹਨ ਜੇ ਲੋੜ ਪਈ ਤਾਂ ਕਿਸਾਨੀ ਸੰਘਰਸ਼ ਲਈ ਵੱਡੇ ਪੱਧਰ ਤੇ ਦਿੱਲੀ ਦੇ ਟਿਕਰੀ ਅਤੇ ਸਿੰਧੂ ਬਾਰਡਰ ਤੇ ਕਿਸਾਨੀ ਮੋਰਚੇ ਹੋਰ ਵਧਾਏ ਜਾਣਗੇ। ਸੈਂਟਰ ਸਰਕਾਰ ਵੀ ਆਪਣੇ ਖੇਤੀ ਕਾਨੂੰਨ ਜਲਦ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦੇਵੇ।
ਪੰਜਾਬ ਦੇ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ਤੇ ਪੁੱਜੇ ਬੀ.ਜੇ.ਪੀ ਲੀਡਰਾਂ ਦੇ ਬੋਲਦੇ ਕਿਹਾ ਕਿ ਕਾਂਗਰਸ ਅਤੇ ਬੀ.ਜੇ.ਪੀ ਸਭ ਰਲੇ ਹਨ.ਕਿਉਂਕਿ ਚੰਡੀਗੜ੍ਹ ਅਤੇ ਰਾਜਸਥਾਨ ਤੇ ਕਿਸਾਨਾਂ ਤੇ ਲਾਠੀਚਾਰਜ ਕਰਨਾ ਮਿਲੀਭੁਗਤ ਦਾ ਹੀ ਸਿੱਟਾ ਹੈ। ਯੂਰੀਆ ਖਾਦ ਤੇ ਬੋਲਦੇ ਕਿਹਾ ਕਿ ਡੀ. ਏ.ਪੀ ਅਤੇ ਯੂਰੀਆ ਖਾਦ ਦੀ ਕੋਈ ਘਾਟ ਨਹੀਂ ਪਰ ਸਰਕਾਰਾਂ ਦੇ ਇਸ਼ਾਰੇ ਤੇ ਕਿਸਾਨਾਂ ਨੂੰ ਲੁੱਟ ਖਸੁੱਟ ਕਰਨ ਦੇ ਮਕਸਦ ਨਾਲ ਮਿਲੀਭੁਗਤ ਨਾਲ ਝੂਠੀ ਖਾਦ ਦੀ ਘਾਟ ਨਾਲ ਲੋਕਾਂ ਨੂੰ ਬੇਵਕੂਫ਼ ਬਣਾ ਕੇ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਪਰਾਲੀ ਦੇ ਮੁੱਦੇ ਤੇ ਬੋਲਦੇ ਕਿਹਾ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੀਤੇ ਫ਼ੈਸਲੇ ਤੇ ਅਮਲ ਨਹੀਂ ਕਰ ਰਹੇ ਪਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਤੇ ਝੂਠੇ ਪਰਚੇ ਦਰਜ ਕਰਨ ਲਈ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਤੀ ਏਕੜ ਕਿਸਾਨਾਂ ਨੂੰ 6 ਹਜ਼ਾਰ ਪ੍ਰਤੀ ਏਕੜ ਦਾ ਆਰਥਿਕ ਮੁਆਵਜ਼ਾ ਦੇਵੇ.ਜੇਕਰ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਤਾਂ ਕਿਸਾਨਾਂ ਨੂੰ ਮਜਬੂਰੀ ਵੱਸ ਨਾਲ ਪਰਾਲੀ ਸਾੜਨੀ ਪਏਗੀ। ਜਿਸ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਕਿਸਾਨਾਂ ਦੇ ਨਾਲ ਡਟ ਕੇ ਖਡ਼੍ਹੇਗੀ। 2022 ਚੋਣਾਂ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦਾ ਅੱਜ ਤਕ ਚੋਣਾਂ ਸਬੰਧੀ ਕੋਈ ਫ਼ੈਸਲਾ ਸਾਹਮਣੇ ਨਹੀਂ ਆਇਆ। ਕਿਉਂਕਿ 450 ਜਥੇਬੰਦੀਆਂ ਸੰਗਠਨ ਚੋਣਾਂ ਸਬੰਧੀ ਕੋਈ ਫ਼ੈਸਲਾ ਸਾਹਮਣੇ ਨਹੀਂ ਆਇਆ।
ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਨਾ ਤਾਂ ਪਹਿਲਾਂ ਚੋਣਾਂ ਲੜੀਆਂ ਹਨ ਅਤੇ ਨਾ ਹੀ ਹੁਣ ਚੋਣਾਂ ਲੜਨੀਆਂ ਹਨ ਅਤੇ ਨਾ ਹੀ ਚੋਣ ਲੜਨ ਵਾਲੀ ਪਾਰਟੀ ਦੀ ਮਦਦ ਨਹੀਂ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸਪੱਸ਼ਟ ਕੀਤਾ ਕਿ ਰਾਜਨੀਤਕ ਗੱਲ ਕਰਨ ਵਾਲਾ ਵਿਅਕਤੀ ਸੰਯੁਕਤ ਮੋਰਚੇ ਦੀ ਪਿੱਠ ਵਿੱਚ ਛੁਰਾ ਘੋਪਣ ਵਾਲਾ ਹੋਵੇਗਾ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਵੱਖੋ ਵੱਖਰੇ ਰਾਜਾਂ ਤੋਂ ਆਏ ਜਥੇਬੰਦੀ ਆਗੂਆਂ ਨੇ ਵੀ ਹਜ਼ਾਰਾਂ ਕਿਸਾਨਾਂ,ਨੌਜਵਾਨਾਂ,ਔਰਤਾਂ ਨੂੰ ਸੰਬੋਧਨ ਰਾਹੀਂ ਸੈਂਟਰ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜਲਦ ਖੇਤੀ ਕਾਨੂੰਨ ਰੱਦ ਕੀਤਾ ਜਾਵੇ। ਇਸ ਮੌਕੇ ਸੰਯੁਕਤ ਮੋਰਚੇ ਦੇ ਨੌਜਵਾਨ ਕਿਸਾਨ ਆਗੂ ਅਭਿਮੰਨਿਊ ਨੇ ਵੀ ਸੈਂਟਰ ਸਰਕਾਰ ਵੱਲੋਂ ਐਲਾਨੇ ਗਏ ਖੇਤੀ ਕਾਨੂੰਨਾਂ ਤੇ ਤਿੱਖੇ ਸ਼ਬਦੀ ਵਾਰ ਬੋਲੇ। ਲਖੀਮਪੁਰ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਇਸ ਸਮਾਗਮ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਦੋਸ਼ੀ ਬੀ.ਜੇ.ਪੀ ਲੀਡਰਾਂ ਅਤੇ ਸਾਥੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਲਈ ਸੰਘਰਸ਼ ਤੇਜ਼ ਕਰਨ ਦਾ ਵੀ ਐਲਾਨ ਕੀਤਾ ਗਿਆ।
ਦੇਖੋ ਵੀਡੀਓ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food