doctor positive pregnant woman message: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਫਿਰ ਇਕ ਵਾਰ ਉਦੋਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਹਸਪਤਾਲ ‘ਚ ਗਰਭਵਤੀ ਜਨਾਨੀ ਦਾ ਕੋਰੋਨਾ ਟੈਸਟ ਹੋਣ ਤੋਂ ਬਾਅਦ ਡਾਕਟਰਾਂ ਵੱਲੋਂ ਪਾਜ਼ੇਟਿਵ ਦੱਸਿਆ ਗਿਆ। ਇਸ ਤੋਂ ਬਾਅਦ ਗਰਭਵਤੀ ਔਰਤ ਦਾ ਆਪ੍ਰੇਸ਼ਨ ਕੀਤਾ, ਜਿੱਥੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਪਰ ਆਪ੍ਰੇਸ਼ਨ ਤੋਂ ਬਾਅਦ ਔਰਤ ਦੇ ਪਤੀ ਦੇ ਮੋਬਾਇਲ ‘ਤੇ ਹੈਲਥ ਵਿਭਾਗ ਵੱਲੋਂ ਕੋਵਿਡ-19 ਦਾ ਨੈਗੇਟਿਵ ਮੈਸੇਜ ਆਇਆ।
ਇਸ ਮਾਮਲੇ ਨੂੰ ਲੈ ਕੇ ਗਰਭਵਤੀ ਔਰਤ ਦੇ ਪਤੀ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਡਿਊਟੀ ਵਾਲੀ ਨਰਸ ਤੋਂ ਇਸ ਸਬੰਧੀ ਪੁੱਛਣ ਗਿਆ ਤਾਂ ਨਰਸ ਨੇ ਉਸ ਨਾਲ ਬੁਰਾ ਸਲੂਕ ਕੀਤਾ। ਜਨਾਨੀ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਮਦਰ ਐਂਡ ਚਾਈਲਡ ‘ਚ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੂੰ ਪ੍ਰੇਸ਼ਾਨੀ ਹੈ ਕਿ ਕਿਤੇ ਜੱਚਾ-ਬੱਚਾ ਕੋਵਿਡ ਵਾਰਡ ‘ਚ ਰਹਿ ਕੇ ਪਾਜ਼ੇਟਿਵ ਨਾ ਹੋ ਜਾਣ।
ਦੱਸਣਯੋਗ ਹੈ ਕਿ ਧਾਂਦਰਾਂ ਰੋਡ ਸਥਿਤ ਪਿੰਡ ਖੇੜੀ ਦੇ ਰਹਿਣ ਵਾਲੇ ਸੋਮਨਾਥ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਮੀਨਾ ਗਰਭਵਤੀ ਸੀ। ਉਹ ਤੜਕੇ 7 ਵਜੇ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਵਿਭਾਗ ‘ਚ ਲੈ ਆਇਆ ਸੀ। ਸਵੇਰੇ ਪਹਿਲਾਂ ਡਾਕਟਰ ਨੇ ਉਸ ਦੀ ਪਤਨੀ ਦਾ ਕੋਵਿਡ-19 ਦਾ ਟੈਸਟ ਕੀਤਾ, ਜੋ ਕਿ ਸੈਂਪਲ ਹੀ ਗੁੰਮ ਕਰ ਦਿੱਤਾ। ਇਸ ਤੋਂ ਬਾਅਦ ਦੂਜਾ ਟੈਸਟ ਕੀਤਾ। ਉਸ ਦੀ ਰਿਪੋਰਟ ਡਾਕਟਰ ਨੇ ਪਾਜ਼ੇਟਿਵ ਦੱਸੀ। ਫਿਰ ਕਿੱਟ ਪਹਿਨ ਕੇ ਡਾਕਟਰਾਂ ਨੇ ਉਸ ਦੀ ਪਤਨੀ ਦਾ ਆਪ੍ਰੇਸ਼ਨ ਕੀਤਾ। ਇਸ ਤੋਂ ਬਾਅਦ ਉਸ ਦੇ ਬੇਟਾ ਪੈਦਾ ਹੋਇਆ। ਡਾਕਟਰਾਂ ਨੇ ਜੱਚਾ-ਬੱਚਾ ਨੂੰ ਕੋਰੋਨਾ ਵਾਰਡ ‘ਚ ਸ਼ਿਫਟ ਕਰ ਦਿੱਤਾ ਪਰ ਬਾਅਦ ‘ਚ ਉਸ ਦੇ ਮੋਬਾਇਲ ‘ਤੇ ਮੈਸੇਜ ਆਇਆ ਕਿ ਉਸ ਦੀ ਪਤਨੀ ਦਾ ਟੈਸਟ ਨੈਗੇਟਿਵ ਆਇਆ ਹੈ।ਪੀੜਤ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਸ ਦੀ ਪਤਨੀ ਪਾਜ਼ੇਟਿਵ ਹੈ ਜਾਂ ਨੈਗੇਟਿਵ। ਜੇਕਰ ਮੈਸੇਜ ਮੁਤਾਬਕ ਚੱਲੀਏ ਤਾਂ ਉਸ ਦੀ ਪਤਨੀ ਨੈਗੇਟਿਵ ਹੈ ਪਰ ਅਜਿਹੇ ‘ਚ ਕੋਵਿਡ ਵਾਰਡ ‘ਚ ਹੋਣ ਕਾਰਨ ਉਸ ਦੀ ਪਤਨੀ ਪਾਜ਼ੇਟਿਵ ਜ਼ਰੂਰ ਹੋ ਜਾਵੇਗੀ ਅਤੇ ਉਸ ਦੇ ਬੱਚੇ ਨੂੰ ਵੀ ਪ੍ਰੇਸ਼ਾਨੀ ਆ ਸਕਦੀ ਹੈ।